ਤੇਜ਼ ਹਨੇਰੀ ਕਾਰਨ ਦੋ ਜਨਾਨੀਆਂ ਤੇ ਇਕ ਮਰਦ ਜ਼ਖ਼ਮੀ
Saturday, Jun 13, 2020 - 12:19 PM (IST)
ਸ਼ੇਰਪੁਰ (ਸਿੰਗਲਾ): ਕਸਬਾ ਸ਼ੇਰਪੁਰ ਵਿਖੇ ਆਈ ਤੇਜ਼ ਹਨੇਰੀ ਕਾਰਨ ਵੱਖ-ਵੱਖ ਥਾਵਾਂ ਤੇ ਡਿੱਗੀਆਂ ਸ਼ੈੱਡਾਂ ਦੌਰਾਨ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਮੱਝਾਂ ਲਈ ਬਣਾਏ ਸ਼ੈੱਡ ਨੂੰ ਤੇਜ਼ ਹਨੇਰੀ ਨੇ ਆਪਣੀ ਲਪੇਟ ’ਚ ਲੈ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਕਸਬਾ ਸ਼ੇਰਪੁਰ ਦੇ ਝਲੂਰ ਰੋਡ ਤੇ ਬਣੇ ਇਕ ਸ਼ੈੱਡ ’ਚ ਨਛੱਤਰ ਸਿੰਘ ਪੁੱਤਰ ਮਹਿੰਦਰ ਸਿੰਘ ਦੋਹਲਾ ਪੱਤੀ ਸ਼ੇਰਪੁਰ ਅਤੇ ਚਰਨਜੀਤ ਕੌਰ ਪਤਨੀ ਪ੍ਰਗਟ ਸਿੰਘ ਪੱਤੀ ਖਲੀਲ ਸ਼ੇਰਪੁਰ, ਤੇਜ਼ ਹਨੇਰੀ ਆਉਣ ਕਾਰਨ ਸ਼ੈੱਡ ਹੇਠਾਂ ਖੜ੍ਹ ਗਏ ਅਤੇ ਦੇਖਦੇ ਹੀ ਦੇਖਦੇ ਕੰਧਾਂ ਸਮੇਤ ਸ਼ੈੱਡ ਉਨ੍ਹਾਂ ਅਤੇ ਉਥੇ ਬੰਨ੍ਹੇ ਪਸ਼ੂਆਂ ਉੱਤੇ ਡਿੱਗ ਗਿਆ, ਜਿਸ ਕਾਰਨ ਨਛੱਤਰ ਸਿੰਘ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ, ਜਦਕਿ ਚਰਨਜੀਤ ਕੌਰ ਦੇ ਇਕ ਗੋਡਾ ਦੀ ਹੱਡੀ ਟੁੱਟ ਗਈ।
ਇਨ੍ਹਾਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਲਿਆਂਦਾ ਗਿਆ ਜਿੱਥੋਂ ਨਛੱਤਰ ਸਿੰਘ ਨੂੰ ਸਿਰ ਦਾ ਸਕੈਨ ਕਰਵਾਉਣ ਲਈ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ, ਅਤੇ ਚਰਨਜੀਤ ਕੌਰ ਦਾ ਸ਼ੇਰਪੁਰ ਵਿਖੇ ਹੀ ਪਲਸਤਰ ਕਰਵਾਇਆ ਗਿਆ ਹੈ। ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਉਨ੍ਹਾਂ ਦੀਆਂ ਦੋ ਪਸ਼ੂਆਂ ਦੇ ਸਿੰਗ ਬੁਰੀ ਤਰ੍ਹਾਂ ਟੁੱਟ ਗਏ ਅਤੇ ਸੈਡ ਹੇਠਾਂ ਪਈ ਮਸ਼ੀਨਰੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਹੈ।ਇਸੇ ਤਰ੍ਹਾਂ ਪਿੰਡ ਖੇੜੀ ਕਲਾਂ ਵਿਖੇ ਵੀ ਤੇਜ਼ ਹਨੇਰੀ ਕਰਕੇ ਡਿੱਗੇ ਸ਼ੈੱਡ ’ਚ ਰਣਜੀਤ ਕੌਰ ਪਤਨੀ ਹਰਨੇਕ ਸਿੰਘ ਵਾਸੀ ਖੇੜੀ ਕਲਾਂ ਦੇ ਹੱਥ ਦੀਆਂ ਉਂਗਲਾਂ ਤੇ ਗੰਭੀਰ ਸੱਟ ਲੱਗਣ ਦੇ ਸਮਾਚਾਰ ਪ੍ਰਾਪਤ ਹੋਏ ਹਨ।
ਇਸ ਤੋਂ ਇਲਾਵਾ ਕਸਬਾ ਸ਼ੇਰਪੁਰ ਤੋਂ ਅਲਾਲ, ਦੀਦਾਰਗੜ੍ਹ, ਤੇ ਕਾਲਾਬੂਲਾ ਨੂੰ ਜਾਂਦੀ ਮੇਨ ਸੜਕ ਤੇ ਡੇਕਾ ਦੇ ਸੈਂਕੜੇ ਦਰੱਖਤ ਤੇਜ਼ ਹਨੇਰੀ ਕਾਰਨ ਟੁੱਟ ਕੇ ਸੜਕਾਂ ਉੱਤੇ ਡਿੱਗ ਗਏ ਅਤੇ ਕਈ ਘੰਟਿਆਂ ਤੱਕ ਆਵਾਜਾਈ ਦੇ ਸਾਧਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵਲੋਂ ਜੇ.ਸੀ.ਬੀ. ਮਸ਼ੀਨ ਅਤੇ ਟਰੈਕਟਰਾਂ ਦੀ ਮਦਦ ਨਾਲ ਇਨ੍ਹਾਂ ਦਰੱਖਤਾਂ ਨੂੰ ਹਟਾ ਕੇ ਆਵਾਜਾਈ ਚਾਲੂ ਕੀਤੀ ਗਈ।ਇਸ ਹਨੇਰੀ ਕਾਰਨ ਬਿਜਲੀ ਬੋਰਡ ਦੀਆਂ ਤਾਰਾਂ, ਖੰਭੇ, ਟਰਾਂਸਫਾਰਮਰ ਦੇ ਟੁੱਟ ਜਾਣ ਕਾਰਨ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਸਬਾ ਸ਼ੇਰਪੁਰ ਸਮੇਤ ਕਈ ਪਿੰਡਾਂ ਦੀ ਬਿਜਲੀ ਖ਼ਬਰ ਲਿਖੇ ਜਾਣ ਤੱਕ ਗੁੱਲ ਰਹੀ।