ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਹੋਈ ਟ੍ਰੈਫਿਕ ਪੁਲਸ

Wednesday, Dec 25, 2019 - 12:13 PM (IST)

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਹੋਈ ਟ੍ਰੈਫਿਕ ਪੁਲਸ

ਸੰਗਰੂਰ (ਬੇਦੀ) : ਸ਼ਹਿਰ 'ਚ ਗਲਤ ਪਾਰਕਿੰਗ ਵਾਲੀਆਂ ਗੱਡੀਆਂ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਜਿਸ ਨਾਲ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗਰੂਰ ਪੁਲਸ ਨੇ ਇਸ ਸਮੱਸਿਆ ਦੇ ਹੱਲ ਲਈ ਸਖ਼ਤ ਕਦਮ ਚੁੱਕਦਿਆਂ ਹੁਣ ਗਲਤ ਥਾਵਾਂ 'ਤੇ ਗੱਡੀਆਂ ਖੜ੍ਹਾਉਣ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕਰਦਿਆਂ ਇਨ੍ਹਾਂ ਗੱਡੀਆਂ ਨੂੰ ਲਾਕ ਕਰਨ ਅਤੇ ਜੁਰਮਾਨੇ ਕਰਨੇ ਸ਼ੁਰੂ ਕੀਤੇ ਹਨ ਅਤੇ ਗਲਤ ਪਾਰਕਿੰਗ ਵਾਲੀ ਗੱਡੀ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ।

ਜਾਣਕਾਰੀ ਦਿੰਦਿਆਂ ਸੰਗਰੂਰ ਟ੍ਰੈਫ਼ਿਕ ਪੁਲਸ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਡਾਕਟਰ ਸੰਦੀਪ ਗਰਗ ਦੇ ਹੁਕਮਾਂ ਅਨੁਸਾਰ ਅਤੇ ਜ਼ਿਲਾ ਟ੍ਰੈਫਿਕ ਪੁਲਸ ਦੇ ਡੀ. ਐੱਸ. ਪੀ. ਇੰਦੂ ਬਾਲਾ ਦੇ ਨਿਰਦੇਸ਼ਾਂ ਅਨੁਸਾਰ ਬਾਜ਼ਾਰ ਵਿਚ ਗਲਤ ਥਾਵਾਂ 'ਤੇ ਗੱਡੀਆਂ ਖੜ੍ਹਾਉਣ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਗ਼ਲਤ ਥਾਵਾਂ 'ਤੇ ਖੜ੍ਹੀਆਂ ਗੱਡੀਆਂ ਨੂੰ ਵੀ ਲਾਕ ਕਰ ਕੇ ਇਨ੍ਹਾਂ ਗੱਡੀਆਂ ਦੇ ਮਾਲਕਾਂ ਤੋਂ ਬਾਕਾਇਦਾ ਜੁਰਮਾਨਾ ਵਸੂਲ ਕਰ ਕੇ ਹੀ ਉਕਤ ਗੱਡੀ ਨੂੰ ਲਾਕ ਮੁਕਤ ਕੀਤਾ ਜਾਵੇਗਾ।

ਉਨ੍ਹਾਂ ਬੁਲਟ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਜ਼ਾਰਾਂ ਵਿਚ ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੁਣ ਸੁਚੇਤ ਹੋ ਜਾਣ ਕਿਉਂਕਿ ਬੁਲਟਾਂ ਦੇ ਪਟਾਕੇ ਪਾਉਣ ਵਾਲਿਆਂ ਨੂੰ ਜੁਰਮਾਨਾ ਵਧਾ ਕੇ ਪੰਜ ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਾਰੇ ਬੁਲਟ ਮਾਲਕ ਆਪਣੇ ਮੋਟਰਸਾਈਕਲਾਂ 'ਤੇ ਓਰਿਜਨਲ ਸਾਇਲੈਂਸਰ ਲਵਾ ਲੈਣ। ਇਸ ਮੌਕੇ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਰਾਮ ਸਿੰਘ ਹਾਜ਼ਰ ਸਨ।


author

cherry

Content Editor

Related News