ਨਵੀਂ ਆਨਲਾਈਨ ਤਬਾਦਲਾ ਨੀਤੀ ਨੂੰ ਲੈ ਕੇ ਨਵ ਨਿਯੁਕਤ ਅਧਿਆਪਕਾਂ ''ਚ ਰੋਸ

06/27/2019 4:47:26 PM

ਸੰਗਰੂਰ (ਯਾਦਵਿੰਦਰ) : ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਨਵੀਂ ਆਨਲਾਈਨ ਤਬਾਦਲਾ ਨੀਤੀ ਨੂੰ ਲੈ ਕੇ ਨਵ-ਨਿਯੁਕਤ (3582 ਮਾਸਟਰ ਕੈਡਰ) ਅਧਿਆਪਕ ਨਿਰਾਸ਼ਾ ਦੇ ਆਲਮ ਵਿਚ ਹਨ ਤੇ ਉਨ੍ਹਾਂ ਵੱਲੋਂ ਵਿਭਾਗ ਵੱਲੋਂ ਉਕਤ ਨੀਤੀ ਨੂੰ ਵਿਖਾਈ ਹਰੀ ਝੰਡੀ ਦਾ ਵਿਰੋਧ ਕੀਤਾ ਜਾ ਰਿਹਾ ਹੈ। 3582 ਮਾਸਟਰ ਕੈਡਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਪਾਲ ਖਨੋਰੀ ਤੇ ਪ੍ਰੈਸ ਸਕੱਤਰ ਮੈਡਮ ਅਮਨਦੀਪ ਕੌਰ ਨੇ ਨਵੀਂ ਤਬਾਦਲਾ ਨੀਤੀ ਦੇ ਵਿਰੋਧ ਵਿਚ ਰੋਸ ਜਤਾਉਂਦਿਆਂ ਕਿਹਾ ਇਸ ਨੀਤੀ ਦੇ ਅਧਾਰ 'ਤੇ 3582 ਮਾਸਟਰ ਕੇਡਰ ਦੇ ਅਧਿਆਪਕ ਚਾਰ ਸਾਲਾਂ ਬਾਅਦ ਬਦਲੀ ਦੇ ਯੋਗ ਹੋਣਗੇ ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਜੁਆਇਨਿੰਗ ਜੁਲਾਈ 2018 ਵਿਚ ਹੋਈ ਸੀ। ਉਕਤ ਆਗੂਆਂ ਨੇ ਕਿਹਾ ਸਾਡੇ 'ਤੇ ਪਰਖ਼ ਕਾਲ ਦੀ ਵੀ ਤਿੰਨ ਸਾਲ ਦੀ ਸ਼ਰਤ ਵਾਲ਼ੀ ਤਲਵਾਰ ਲਟਕੀ ਹੋਈ ਹੈ ਜਦਕਿ ਸਿੱਖਿਆ ਵਿਭਾਗ ਅੰਦਰ ਪਹਿਲਾਂ ਵਾਲੀ ਭਰਤੀ ਵਿਚ ਪਰਖ਼ ਕਾਲ ਦਾ ਸਮਾਂ 2 ਸਾਲ ਰਿਹਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਉਕਤ ਤਬਾਦਲਾ ਨੀਤੀ ਦੇ ਵਿਰੋਧ ਵਿਚ ਅੱਜ ਵੱਡੀ ਗਿਣਤੀ ਵਿਚ ਅਧਿਆਪਕ ਆਪਣੇ ਬੱਚਿਆਂ ਸਣੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲੇ ਤੇ ਉਨ੍ਹਾਂ ਨੂੰ ਉਕਤ ਤਬਾਦਲਾ ਨੀਤੀ ਵਿਚ 3582 ਨੂੰ ਬਦਲੀਆਂ ਵਿਚ ਛੋਟ ਦੇਣ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੋਰੀ ਨੇ ਦੱਸਿਆ ਕਿ ਹੁਣ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਅਧਿਆਪਕ ਉਕਤ ਨੀਤੀ ਦੇ ਵਿਰੋਧ ਵਿਚ ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਉਨ੍ਹਾਂ ਦੀ ਸੰਗਰੂਰ ਰਿਹਾਇਸ਼ 'ਤੇ ਮੁਲਾਕਾਤ ਕਰਕੇ ਆਪਣਾ ਰੋਸ ਪ੍ਰਗਟਾਉਣਗੇ। ਆਗੂਆਂ ਨੇ ਕਿਹਾ ਕਿ ਇਹ ਪਹਿਲੀ ਭਰਤੀ ਹੈ ਜਿਸ ਵਿਚ ਅਧਿਆਪਕਾਂ ਨੂੰ ਸਿਰਫ 10300 ਤਨਖਾਹ 'ਤੇ ਆਪਣੇ ਘਰਾਂ ਤੋਂ 300 ਕਿਲੋਮੀਟਰ ਦੂਰ ਬਾਰਡਰ ਦੇ ਸਕੂਲਾਂ ਵਿਚ ਨੌਕਰੀ ਕਰਨੀ ਪੈ ਰਹੀ ਹੈ ਤੇ ਇਸ ਭਰਤੀ ਵਿਚ ਜ਼ਿਆਦਾਤਰ ਔਰਤ ਅਧਿਆਪਕਾਵਾਂ ਹੋਣ ਕਰਕੇ ਉਨ੍ਹਾਂ ਨੂੰ ਤਾਂ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ, ਸ਼ਾਮ ਪਾਤੜਾਂ,ਟੋਨੀ, ਰਾਜਵੰਤ ਕੌਰ ਸਣੇ ਵੱਡੀ ਗਿਣਤੀ ਵਿਚ ਅਧਿਆਪਕ ਮੌਜੂਦ ਸਨ।


cherry

Content Editor

Related News