ਸਮਰਾਲਾ ਪੁਲਸ ਦੀ ਕਾਰਵਾਈ ’ਚ 3 ਨਸ਼ਾ ਸਮੱਗਲਰ ਗ੍ਰਿਫਤਾਰ
Sunday, Feb 28, 2021 - 04:23 AM (IST)
ਸਮਰਾਲਾ, (ਗਰਗ, ਬੰਗੜ)- ਸਥਾਨਕ ਪੁਲਸ ਨੇ ਇਲਾਕੇ ਵਿਚ ਨਸ਼ਿਆਂ ਖਿਲਾਫ਼ ਜ਼ੋਰਦਾਰ ਮੁਹਿੰਮ ਆਰੰਭ ਦੇ ਹੋਏ ਅੱਜ ਇਕ ਵੱਡੀ ਕਾਰਵਾਈ ਦੌਰਾਨ ਤਿੰਨ ਨਸ਼ਾ ਸਮੱਗਲਰਾਂ ਨੂੰ ਗ੍ਰ੍ਰਿਫਤਾਰ ਕਰਦੇ ਹੋਏ ਉਨ੍ਹਾਂ ਪਾਸੋਂ ਵੱਡੀ ਮਾਤਰਾ ਵਿਚ ਅਫ਼ੀਮ ਅਤੇ ਚੂਰਾ-ਪੋਸਤ ਤੋਂ ਇਲਾਵਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਨਾਂ ਨਸ਼ਾਂ ਸਮੱਗਲਰਾਂ ਦੀ ਗ੍ਰਿਫਤਾਰੀ ਨੂੰ ਪੁਲਸ ਇਕ ਵੱਡੀ ਸਫ਼ਲਤਾ ਮੰਨ ਕੇ ਚੱਲ ਰਹੀ ਹੈ ਅਤੇ ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਲਾਕੇ ਵਿਚ ਨਸ਼ਿਆਂ ਦੀ ਸਪਲਾਈ ਵਿਚ ਜੁੱਟੇ ਕਈ ਹੋਰ ਲੋਕਾਂ ਬਾਰੇ ਵੱਡੇ ਖੁਲਾਸੇ ਹੋਣਗੇ।
ਥਾਣਾ ਸਮਰਾਲਾ ਦੇ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ’ਤੇ ਪੁਲਸ ਪਾਰਟੀ ਨੇ ਡੀ. ਐੱਸ. ਪੀ. ਜਸਵਿੰਦਰ ਸਿੰਘ ਚਾਹਲ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਗੁਰਬਚਨ ਸਿੰਘ ਉਰਫ ਹੈਪੀ ਵਾਸੀ ਖਾਨਪੁਰ (ਰੋਪੜ) ਨੂੰ ਗਿ੍ਰਫਤਾਰ ਕਰਦੇ ਹੋਏ ਉਸ ਕੋਲੋਂ 210 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਬਰਧਾਲਾ ਪੁਲਸ ਚੌਕੀ ਦੀ ਪੁਲਸ ਪਾਰਟੀ ਨੇ ਜਸਵਿੰਦਰ ਸਿੰਘ ਉਰਫ ਕਾਕਾ ਵਾਸੀ ਮਨਸੂਹਾ ਕਲਾ (ਰੋਪੜ) ਨੂੰ ਕਾਬੂ ਕਰਦੇ ਹੋਏ ਉਸ ਕੋਲੋਂ 20 ਕਿਲੋ ਚੂਰਾ-ਪੋਸਤ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਇਕ ਹੋਰ ਮਾਮਲੇ ’ਚ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਰੋਹਿਤ ਹੰਸ ਨਾਮਕ ਲੁਧਿਆਣਾ ਵਾਸੀ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਕੋਲੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।
ਇੰਸਪੈਕਟਰ ਸ. ਗਰੇਵਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਇਨਾਂ ਨਸ਼ਾ ਸਮੱਗਲਰਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਸ ਸਖ਼ਤੀ ਨਾਲ ਪੁੱਛਗਿੱਛ ਕਰਕੇ ਹੋਰ ਸਮੱਗਲਰਾਂ ਬਾਰੇ ਵੀ ਜਾਣਕਾਰੀ ਇੱਕਠੀ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੀ ਕਾਰਵਾਈ ਕਰੇਗੀ।