RTI ਰਾਹੀਂ ਹੋਇਆ ਖੁਲਾਸਾ: ਅਕਾਲੀ-ਭਾਜਪਾ ਸਰਕਾਰ ਵੱਲੋਂ ਚਾਲੂ ਕੀਤੀ ਬੀਮਾ ਸਕੀਮ ਦੀ ਆਬਕਾਰੀ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ
Friday, Aug 20, 2021 - 03:27 PM (IST)

ਤਪਾ ਮੰਡੀ (ਸ਼ਾਮ,ਗਰਗ): ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੱਲੋਂ ਮੋੜ ਮੰਡੀ ਵਿਖੇ ਵਪਾਰੀ ਵਰਗ ਦੀ ਰੈਲੀ ’ਚ ਵਪਾਰੀਆਂ ਨੂੰ ਰਾਹਤ ਦੇਣ ਦੀ ਖ਼ਾਤਰ ਇੱਕ ਬੀਮਾ ਸਕੀਮ ਦਾ ਐਲਾਨ ਕੀਤਾ ਸੀ। ਇਸ ਸਕੀਮ ਤਹਿਤ 1 ਕਰੋੜ ਰੁਪਏ ਦੀ ਟਰਨਓਵਰ ਤੱਕ ਦੇ ਵਪਾਰੀਆਂ ਨੂੰ 5 ਲੱਖ ਰੁਪਏ ਲੋਨ ਦੇਣ ਦੀ ਬੀਮਾ ਸਹੂਲਤ ਦਿੱਤੀ ਗਈ ਸੀ। ਕਿਸੇ ਵੀ ਛੋਟੇ ਵਪਾਰੀ ਦੀ ਦੁਕਾਨ ਤੇ ਚੋਰੀ ਹੋਣ ਤੇ ਅੱਗ ਲੱਗਣ ਤੇ ਜਾਂ ਵਪਾਰੀ ਦੀ ਐਕਸੀਡੈਂਟ ਮੌਤ ’ਤੇ 5 ਲੱਖ ਰੁਪਏ ਤੱਕ ਦਾ ਕਲੇਮ ਵਪਾਰੀ ਵਰਗ ਨੂੰ ਜਾਂਦਾ ਸੀ। ਇਸ ਬੀਮੇ ਦਾ ਸਾਰਾ ਪ੍ਰੀਮੀਅਮ ਆਬਕਾਰੀ ਤੇ ਕਰ ਵਿਭਾਗ ਵੱਲੋਂ ਬੀਮਾ ਕੰਪਨੀ ਵੱਲੋਂ ਅਦਾ ਕੀਤਾ ਜਾਂਦਾ ਸੀ ਅੱਜ ਦੀ ਤਾਰੀਖ ਅੰਦਰ ਇਹ ਸਕੀਮ ਦੇ ਪੰਜਾਬ ਅੰਦਰ ਲਾਗੂ ਹੋਣ ਬਾਰੇ ਪੰਜਾਬ ਅੰਦਰ ਧਾਰਮਿਕ ਸਥਾਨਾਂ ਅਤੇ ਸਕੂਲਾਂ ਨੇੜੇ ਠੇਕੇ ਖੋਲ੍ਹਣ ਬਾਰੇ ਮਾਪਦੰਡਾਂ ਬਾਰੇ ਜਾਣਕਾਰੀ ਅਤੇ ਪੰਜਾਬ ਅੰਦਰ ਪਿਛਲੇ ਤਿੰਨ ਸਾਲ ਅੰਦਰ ਟੈਕਸ ਕੁਲੈਕਸ਼ਨ ਬਾਰੇ ਜਾਣਕਾਰੀ ਲੈਣ ਲਈ ਆਰ.ਟੀ.ਆਈ.ਕਾਰਕੁੰਨ ਸੱਤ ਪਾਲ ਗੋਇਲ ਨੇ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਪਟਿਆਲਾ ਤੋਂ ਆਰ.ਟੀ.ਆਈ ਐਕਟ ਤਹਿਤ ਸੂਚਨਾ ਮੰਗੀ ਸੀ ਜਿਸ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਵਪਾਰੀ ਵਰਗ ਲਈ ਬੀਮਾ ਸਕੀਮ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਇਸ ਸਕੀਮ ਬਾਰੇ ਸਾਡੇ ਦਫ਼ਤਰ ਕੋਲ ਕੋਈ ਜਾਣਕਾਰੀ ਹੈ।
ਸ਼ਹਿਰ ਅੰਦਰ ਧਾਰਮਿਕ ਸਥਾਨ ਅਤੇ ਸਕੂਲਾਂ ਦੇ ਮੁੱਖ ਗੇਟ ਤੇ 50 ਮੀਟਰ ਦੀ ਦੂਰੀ ਤੇ ਠੇਕਾ ਖੁੱਲ੍ਹ ਸਕਦਾ ਹੈ ਅਤੇ ਪਿੰਡਾਂ ’ਚ ਇਹ ਦੂਰੀ 100 ਮੀਟਰ ਤੈਅ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 1-04-2018 ਤੋਂ 31-03-2019 ਤੱਕ ਟੈਕਸ ਕੁਲੈਕਸ਼ਨ 33121.02 ਕਰੋੜ ਰੁਪਏ ਸੀ,1-04-2019 ਤੋਂ 31-03.2020 ਤੱਕ ਟੈਕਸ ਕੁਲੈਕਸ਼ਨ 32517.22 ਕਰੋੜ ਰੁਪਏ ਅਤੇ 1-04-2020 ਤੋਂ 31-03-2021 ਤੱਕ 16545 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ ਹੈ। ਸੱਤ ਪਾਲ ਗੋਇਲ ਨੇ ਖੁਲਾਸਾ ਕੀਤਾ ਕਿ ਵਪਾਰੀ ਵਰਗ ਲਈ ਅਕਾਲੀ-ਭਾਜਪਾ ਸਰਕਾਰ ਸਮੇਂ ਚਾਲੂ ਕੀਤੀ ਸਕੀਮ ਜਿਸ ਦੇ ਬੀਮੇ ਦੀ ਰਕਮ ਆਬਕਾਰੀ ਤੇ ਕਰ ਵਿਭਾਗ ਵੱਲੋਂ ਅਦਾ ਕੀਤੀ ਜਾਂਦੀ ਸੀ। ਉਸ ਸਕੀਮ ਦਾ ਆਬਕਾਰੀ ਵਿਭਾਗ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਸਕੀਮ ਬਾਰੇ ਵਿਭਾਗ ਨੂੰ ਕੋਈ ਜਾਣਕਾਰੀ ਹੈ ਜਦਕਿ ਵਪਾਰੀ ਵਰਗ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ,ਵਪਾਰੀ ਵਰਗ ਵੱਲੋਂ ਦਿੱਤੇ ਟੈਕਸ ਦੇ ਸਹਾਰੇ ਸਰਕਾਰ ਦਾ ਆਰਥਿਕ ਢਾਂਚਾ ਚੱਲਦਾ ਹੈ। ਚਾਹੀਦਾ ਇਹ ਹੈ ਕਿ ਵਪਾਰੀ ਵਰਗ ਦੀ ਅਣਦੇਖੀ ਕਰਨ ਦੀ ਬਜਾਏ ਇਸ ਵਰਗ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਅਕਾਲੀ-ਭਾਜਪਾ ਸਰਕਾਰ ਸਮੇਂ ਸੁਰੂ ਕੀਤੀ ਇਸ ਸਕੀਮ ਦੀ ਰਾਸ਼ੀ 5 ਲੱਖ ਤੋਂ ਵਧਾ ਕੇ 20 ਲੱਖ ਕੀਤੀ ਜਾਵੇ ਤਾਂ ਜੋ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲ ਸਕੇ।