ਐੱਸ. ਡੀ. ਐੱਮ. ਦੀ ਕਾਰਵਾਈ ਹੇਠ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਕੀਤੇ ਗਏ ਚਲਾਨ
Sunday, Nov 10, 2019 - 07:47 PM (IST)

ਭਵਾਨੀਗੜ੍ਹ, (ਵਿਕਾਸ)- ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖੇਤਾਂ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਪ੍ਰਸ਼ਾਸ਼ਨ ਨੂੰ ਦਿੱਤੇ ਆਦੇਸ਼ਾ ਦੇ ਤਹਿਤ ਅੱਜ ਐਤਵਾਰ ਨੂੰ ਡਾ.ਅੰਕੁਰ ਮਹਿੰਦਰੂ ਐਸ.ਡੀ.ਐਮ. ਭਵਾਨੀਗੜ ਦੀ ਅਗਵਾਈ ਹੇਠ ਛੁੱਟੀ ਵਾਲੇ ਦਿਨ ਵੀ ਅਧਿਕਾਰੀ ਵੱਖ ਵੱਖ ਟੀਮਾਂ ਬਣਾ ਕੇ ਇਲਾਕੇ ਦੇ ਖੇਤਾਂ 'ਚ ਪਹੁੰਚੇ ਅਤੇ ਪਰਾਲੀ ਸਾੜਨ ਵਾਲੇ ਇੱਕ ਦਰਜਨ ਤੋਂ ਵੱਧ ਕਿਸਾਨਾਂ ਖਿਲਾਫ਼ ਕਾਰਵਾਈ ਕੀਤੀ ਗਈ। ਇਸ ਸਬੰਧੀ ਐਸ.ਡੀ.ਐਮ. ਭਵਾਨੀਗੜ ਅਤੇ ਉਨ੍ਹਾਂ ਨਾਲ ਡੀ.ਐਸ.ਪੀ. ਭਵਾਨੀਗੜ ਗੁਬਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਕੇ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਉਨ੍ਹਾਂ ਵੱਲੋਂ ਬਲਾਕ ਭਵਾਨੀਗੜ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਫੱਗੂਵਾਲਾ, ਭਵਾਨੀਗੜ ਸ਼ਹਿਰ ਸਮੇਤ ਪਿੰਡ ਰਾਮਪੁਰਾ ਤੇ ਕਪਿਆਲ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਵਾਲੇ 3 ਕਿਸਾਨਾਂ ਨੂੰ ਰੰਗੇ ਹੱਥੀਂ ਅੱਗ ਲਗਾਉਂਦਿਆਂ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਟੀਮ ਵੱਲੋਂ ਖੇਤਾਂ ਵਿੱਚ ਚੱਲ ਰਹੀ ਸੁਪਰ ਐਸ.ਐਮ.ਐਸ. ਤੋਂ ਬਿਨ੍ਹਾਂ ਇੱਕ ਕੰਬਾਇਨ 'ਤੇ ਕਾਰਵਾਈ ਕਰਦਿਆਂ ਉਸਨੂੰ ਕਬਜੇ ਵਿੱਚ ਲਿਆ ਗਿਆ। ਓਧਰ ਇਲਾਕੇ ਦੇ ਹੋਰ ਪਿੰਡਾਂ ਵਿੱਚ ਵੀ ਨਾਇਬ ਤਹਿਸੀਲਦਾਰ ਭਵਾਨੀਗੜ ਕਰਮਜੀਤ ਸਿੰਘ ਖਟੜਾ ਨੇ ਟੀਮ ਸਮੇਤ ਪਿੰਡ ਆਲੋਅਰਖ, ਬਖਤੜਾ, ਬਖਤੜੀ, ਮਾਝਾ, ਮਾਝੀ, ਬੀਂਬੜ ਤੇ ਬੀਂਬੜੀ ਦੇ ਖੇਤਾਂ ਦਾ ਦੌਰਾ ਕਰਦਿਆਂ ਇਸ ਦੌਰਾਨ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ 10 ਕਿਸਾਨਾਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੇ ਚਲਾਣ ਕੀਤੇ ਅਤੇ ਦੋ ਕਿਸਾਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਟੀਮ ਵਿੱਚ ਪਰਮਜੀਤ ਸਿੰਘ ਪਟਵਾਰੀ ਮਾਝੀ, ਮਲਕੀਤ ਸਿੰਘ ਪਟਵਾਰੀ ਆਲੋਅਰਖ ਸਮੇਤ ਅਧਿਕਾਰੀ ਮੌਜੂਦ ਸਨ।