ਐੱਸ. ਐੱਮ. ਐੱਸ. ਸਿਸਟਮ ਤੋਂ ਬਿਨਾਂ ਚੱਲ ਰਹੀ ਕੰਬਾਈਨ ’ਤੇ ਕਾਰਵਾਈ ਕਰਨ ਪੁੱਜੇ ਤਹਿਸੀਲਦਾਰ ਦਾ ਘਿਰਾਓ

10/17/2018 1:18:04 AM

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)– ਪਿੰਡ ਛਾਜਲੀ ਅਤੇ ਪਿੰਡ ਚੱਠਾ ਨੰਨਹੇਡ਼ਾ ਦੇ ਵਿਚਕਾਰ ਖੇਤਾਂ ’ਚ ਬਿਨਾਂ ਐੱਸ. ਐੱਮ. ਐੱਸ. ਸਿਸਟਮ ਦੇ ਝੋਨੇ ਦੀ ਕਟਾਈ ਕਰ ਰਹੀ ਕੰਬਾਈਨ ’ਤੇ ਕਾਰਵਾਈ ਕਰਨ ਲਈ ਪਹੁੰਚੇ ਤਹਿਸੀਲਦਾਰ ਸੁਨਾਮ ਅਤੇ ਪਟਵਾਰੀ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਕਾਰਵਾਈ ਰੁਕਵਾਉਣ ਲਈ ਕਿਸਾਨਾਂ ਵੱਲੋਂ ਦੋਵਾਂ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਗਿਆ। 
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਮੀਤ ਪ੍ਰਧਾਨ ਰਣ ਸਿੰਘ ਚੱਠਾ ਨੇ ਕਿਹਾ ਕਿ ਕੰਬਾਈਨਾਂ ’ਤੇ ਐੱਸ. ਐੱਮ. ਐੱਸ. ਸਿਸਟਮ ਲਵਾਉਣ ਨਾਲ ਪਰਾਲੀ ਦਾ ਮਸਲਾ ਹੱਲ ਨਹੀਂ ਹੁੰਦਾ ਸਗੋਂ ਇਸ ਨਾਲ ਕਿਸਾਨਾਂ ’ਤੇ ਆਰਥਿਕ ਬੋਝ ਪੈਂਦਾ ਹੈ । ਕੰਬਾਈਨ ਮਾਲਕਾਂ ਨੂੰ ਮਹਿੰਗੇ ਭਾਅ ਦੇ ਸਿਸਟਮ ਦਾ ਖਰਚਾ ਉਠਾਉਣਾ ਪਵੇਗਾ। ਕੰਬਾਈਨ ਮਾਲਕਾਂ ਨੂੰ ਮਜਬੂਰਨ ਝੋਨੇ ਦੀ ਕਟਾਈ ਦੇ ਰੇਟ ਵਧਾਉਣੇ ਪੈਣਗੇ ਕਿਉਂਕਿ ਇਸ ਯੰਤਰ ਉਪਰ ਲਗਭਗ ਡੇਢ ਲੱਖ ਰੁਪਏ ਵੱਖਰਾ ਖਰਚ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਵੱਧ ਹੁੰਦੀ ਹੈ।
ਕਾਰਵਾਈ ਨਾ ਕਰਨ ਦੇ ਭਰੋਸੇ ’ਤੇ ਛੱਡਿਆ ਤਹਿਸੀਲਦਾਰ ਨੂੰ
ਥਾਣਾ ਛਾਜਲੀ ਦੇ ਮੁਖੀ ਦੀਪਇੰਦਰਪਾਲ ਸਿੰਘ ਜੇਜੀ ਨੇ ਪੁਲਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਤਹਿਸੀਲਦਾਰ ਨੇ ਕਿਹਾ ਕਿ ਉਹ ਇਥੇ ਨਾਲ ਦੇ ਖੇਤਾਂ ’ਚ ਗਿਰਦਾਵਰੀ ਕਰਨ ਲਈ ਆਏ ਸਨ।  ਤਹਿਸੀਲਦਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕਾਈ ਛਾਜਲੀ ਦੇ ਪ੍ਰਧਾਨ ਨੇਕ ਸਿੰਘ ਚੱਠਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਦੇ ਪ੍ਰਧਾਨ ਬਾਵਾ ਸਿੰਘ, ਕਿਸਾਨ ਆਗੂ ਸੰਤ ਰਾਮ ਸਿੰਘ, ਤਾਰਾ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ ਚੱਠਾ, ਜੀਵਨ ਸਿੰਘ ਚੱਠਾ, ਗੋਬਿੰਦ ਸਿੰਘ ਵੈਰੋਂਕੇ, ਜਸਵੀਰ ਜੋਗੀ, ਪਿਆਰਾ ਸਿੰਘ ਭੰਗੂ, ਜਸਪਾਲ ਸਿੰਘ ਕਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।


Related News