ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ 4 ਕਾਰ ਸਵਾਰ ਨੌਜਵਾਨਾਂ ਨੇ ਲੁੱਟੇ ਹਜ਼ਾਰਾਂ ਰੁਪਏ
Monday, Dec 03, 2018 - 07:36 PM (IST)
ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖੁਰਾਣਾ)— ਪਿੰਡ ਡੋਹਕ ਨੇੜੇ ਪੈਟਰੋਲ ਪੰਪ 'ਤੇ ਚਾਰ ਕਾਰ ਸਵਾਰ ਨੌਜਵਾਨਾਂ ਨੇ ਪਿਸਤੌਲ ਦੇ ਦਮ 'ਤੇ 45 ਹਜ਼ਾਰ ਰੁਪਏ ਲੁੱਟ ਲਏ। ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ 'ਤੇ ਮੌਜੂਦ ਦੋਵਾਂ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ, ਜਿਸ ਦੌਰਾਨ ਇਕ ਕਰਮਚਾਰੀ ਜਖ਼ਮੀ ਹੋ ਗਿਆ। ਪਿੰਡ ਡੋਹਕ ਦੇ ਕੋਲ ਸਤਿਕਰਤਾਰ ਫਿਲਿੰਗ ਸਟੇਸ਼ਨ ਨਾਮ ਦੇ ਪੈਟਰੋਲ ਪੰਪ 'ਤੇ ਸੋਮਵਾਰ ਨੂੰ ਦੋ ਕਰਮਚਾਰੀ ਸੰਤੋਖ ਸਿੰਘ ਤੇ ਸੋਨੂੰ ਨਾਮਕ ਮੌਜੂਦ ਸਨ। ਸ਼ਾਵਰਲਿਟ ਕੰਪਨੀ ਦੀ ਬੀਟ ਗੱਡੀ 'ਤੇ ਦੁਪਹਿਰ ਸਮੇਂ ਚਾਰ ਨੌਜਵਾਨ ਆਏ, ਦੋ ਨੌਜਵਾਨ ਗੱਡੀ 'ਚ ਬੈਠੇ ਰਹੇ ਜਦ ਕਿ ਦੋ ਬਾਹਰ ਨਿਕਲੇ।
ਇਨ੍ਹਾਂ 'ਚੋਂ ਇਕ ਨੌਜਵਾਨ ਦੇ ਹੱਥ 'ਚ ਪਿਸਤੌਲ ਸੀ ਅਤੇ ਦੂਸਰੇ ਦੇ ਹੱਥ 'ਚ ਬੇਸਬਾਲ। ਨੌਜਵਾਨ ਨੇ ਪਿਸਤੌਲ ਦੇ ਦਮ 'ਤੇ ਪੈਟਰੋਲ ਪੰਪ 'ਤੇ ਮੌਜੂਦ ਕਰਮਚਾਰੀ ਤੋਂ ਪੂਰੇ ਦਿਨ ਦੀ ਕਮਾਈ 45 ਹਜ਼ਾਰ ਰੁਪਏ ਲੈ ਲਏ, ਜਦੋਂ ਕਿ ਦੂਸਰੇ ਨੌਜਵਾਨ ਨੇ ਪੰਪ 'ਤੇ ਮੌਜੂਦ ਦੂਸਰੇ ਨੌਜਵਾਨ ਸੋਨੂੰ ਦੀ ਬੇਸਬਾਲ ਨਾਲ ਕੁੱਟਮਾਰ ਕੀਤੀ। ਉਸ ਨੇ ਸੰਤੋਖ ਨੂੰ ਵੀ ਉਸੇ ਬੇਸਬਾਲ ਨਾਲ ਕੁੱਟਿਆ। ਇਸ ਦੇ ਬਾਅਦ ਉਹ ਕਾਰ 'ਚ ਬੈਠਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਜਖ਼ਮੀ ਸੋਨੂੰ ਨੂੰ ਤੁਰੰਤ ਹੀ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਬਰੀਵਾਲਾ ਇੰਚਾਰਜ ਗੁਰਵਿੰਦਰ ਸਿੰਘ, ਐੱਸ ਪੀ ਡੀ ਰਣਬੀਰ ਸਿੰਘ ਅਤੇ ਡੀ. ਐੱਸ. ਪੀ. ਤਲਵਿੰਦਰ ਸਿੰਘ ਵੀ ਮੌਕੇ 'ਤੇ ਜਾ ਪਹੁੰਚੇ। ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ਼ ਚੈੱਕ ਕਰਨੀ ਸ਼ੁਰੂ ਕਰ ਦਿੱਤੀ। ਪੈਟਰੋਲ ਪੰਪ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਹੀ ਸਮੇਂ ਪਹਿਲਾ ਇਹ ਪੰਪ ਖਰੀਦਿਆ ਹੈ।
