ਸਾਈਕਲਿੰਗ ''ਤੇ ਨਿਕਲੇ ਦੋਸਤਾਂ ਨੂੰ ਕਾਰ ਨੇ ਮਾਰੀ ਟੱਕਰ, ਇਕ ਦੀ ਮੌਤ
Wednesday, Jul 29, 2020 - 11:43 PM (IST)

ਪਟਿਆਲਾ, (ਬਲਜਿੰਦਰ)- ਜ਼ਿਲ੍ਹੇ 'ਚ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ 3 ਨੌਜਵਾਨ ਸਾਈਕਲਿੰਗ ਲਈ ਨਿਕਲੇ। ਜਿਉਂ ਹੀ ਉਹ ਪਸਿਆਣਾ ਪੁਲ ਕੋਲ ਪਹੁੰਚੇ ਤਾਂ ਉਨ੍ਹਾਂ 'ਚੋਂ 2 ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗੁਰਿੰਦਰ ਸਿੰਘ ਡਿੰਪੀ (50) ਦੇ ਰੂਪ 'ਚ ਹੋਈ, ਜੋ ਬਹੇੜਾ ਰੋਡ 'ਤੇ ਹਾਰਡਵੇਅਰ ਦਾ ਬਿਜ਼ਨਸ ਕਰਦਾ ਸੀ। ਜ਼ਖਮੀ ਦੀ ਪਛਾਣ ਜਸਪ੍ਰੀਤ ਸਿੰਘ (38) ਵਜੋਂ ਹੋਈ। ਉਸ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਸਪ੍ਰੀਤ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਲੀਟੀਕਲ ਐਡਵਾਈਜ਼ਰ ਭਰਤਇੰਦਰ ਸਿੰਘ ਚਹਿਲ ਦੇ ਪੈਲੇਸ ਦਾ ਮੈਨੇਜਰ ਹੈ। ਜਸਪ੍ਰੀਤ ਸਿੰਘ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਇੱਧਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੱਡੀ ਹਰਿਆਣਾ ਪੁਲਸ ਦੇ ਅਧਿਕਾਰੀ ਚਲਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਹਰਪ੍ਰੀਤ ਸਿੰਘ ਵਾਸੀ ਹਰਿਆਣਾ ਨਾਂ ਦੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਹਰਪ੍ਰੀਤ ਸਿੰਘ ਹੀ ਗੱਡੀ ਚਲਾ ਰਿਹਾ ਸੀ। ਆਰ. ਸੀ. ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਗੱਡੀ ਕਿਸੇ ਦੇ ਨਾਂ 'ਤੇ ਹੈ। ਪੁਲਸ ਨੇ ਗੁਰਿੰਦਰ ਸਿੰਘ ਡਿੰਪੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਹੈ।