ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰੇਕ ਮਨੁੱਖ ਨੂੰ ਜਾਗਰੂਕ ਤੇ ਸੁਚੇਤ ਹੋਣ ਦੀ ਲੋੜ

Sunday, Aug 12, 2018 - 12:31 PM (IST)

ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰੇਕ ਮਨੁੱਖ ਨੂੰ ਜਾਗਰੂਕ ਤੇ ਸੁਚੇਤ ਹੋਣ ਦੀ ਲੋੜ

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਅਜੌਕੇ ਸਮੇਂ 'ਚ ਸੜਕੀ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਕੁਝ ਗਰੀਬ ਪਰਿਵਾਰਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਘਰਾਂ 'ਚ ਵਹੀਕਲ ਹਨ। ਸੂਰਜ ਚੜ੍ਹਨ ਤੋਂ ਪਹਿਲਾਂ ਬੱਸਾਂ, ਕਾਰਾਂ, ਟਰੱਕਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦੀ ਗੂੰਜ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸੜਕਾਂ ਭਰ ਜਾਂਦੀਆਂ ਹਨ। ਆਪਣੀ ਮੰਜ਼ਿਲ 'ਤੇ ਛੇਤੀ ਪਹੁੰਚਣ ਲਈ ਲੋਕ ਵਾਹਨਾਂ ਨੂੰ ਤੇਜ਼ ਚਲਾਉਂਦੇ ਹਨ, ਜਿਸ ਕਾਰਨ ਲੋਕ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। 
ਮਿਲੀ ਜਾਣਕਾਰੀ ਅਨੁਸਾਰ ਅਜੌਕੇ ਸਮੇਂ 'ਚ ਇਨ੍ਹਾਂ ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ, ਜਿਸ ਕਾਰਨ ਕਈ ਲੋਕ ਅਪਾਹਜ ਹੋ ਗਏ ਅਤੇ ਕਈਆਂ ਦੇ ਪਰਿਵਾਰ ਉਜੜ ਗਏ। ਭਾਵੇਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਸਕੂਲਾਂ, ਕਾਲਜਾਂ, ਟਰੱਕ ਯੂਨੀਅਨ, ਟਰੈਕਟਰ ਟਰਾਲੀ ਯੂਨੀਅਨ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਸੈਮੀਨਾਰ ਲਾਏ ਜਾ ਰਹੇ ਹਨ। ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਹਰੇਕ ਮਨੁੱਖ ਨੂੰ ਜਾਗਰੂਕ ਤੇ ਸੁਚੇਤ ਹੋਣ ਦੀ ਲੋੜ ਹੈ। ਇਸੇ ਵਿਸ਼ੇ ਨੂੰ ਮੁੱਖ ਰੱਖ ਕੇ 'ਜਗਬਾਣੀ' ਵੱਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। 

ਲੋਕ ਟ੍ਰੈਫ਼ਿਕ ਨਿਯਮਾਂ ਦੀ ਸਹੀ ਵਰਤੋਂ ਕਰਨ ਤਾਂ ਘੱਟ ਸਕਦੇ ਹਨ ਹਾਦਸੇ
ਜੇਕਰ ਸਮੁੱਚੇ ਲੋਕ ਸੜਕਾਂ 'ਤੇ ਵਾਹਨ ਚਲਾਉਣ ਸਮੇਂ ਸਹੀ ਢੰਗ ਨਾਲ ਡਰਾਇਵਰੀ ਕਰਨ ਤੇ ਟ੍ਰੈਫ਼ਿਕ ਨਿਯਮਾਂ ਦੀ ਕਾਨੂੰਨ ਅਨੁਸਾਰ ਵਰਤੋ ਕਰਨ ਤਾਂ ਸੜਕ ਹਾਦਸਿਆਂ ਦੀ ਗਿਣਤੀ ਘੱਟ ਸਕਦੀ ਹੈ ਪਰ ਬਹੁਤੇ ਲੋਕ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ।  
ਸੜਕਾਂ ਬਣ ਰਹੀਆਂ ਕਬਰਸਤਾਨ 
ਸੂਬੇ ਭਰ 'ਚ ਹਰ ਸਾਲ ਸੜਕ ਹਾਦਸਿਆਂ ਦੌਰਾਨ 4500 ਤੋਂ ਵੱਧ ਮੌਤਾਂ ਹੁੰਦੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਹਰ ਮਹੀਨੇ ਕਰੀਬ 360 ਤੇ ਹਰ ਰੋਜ਼ 10 ਤੋਂ 12 ਮੌਤਾਂ ਔਸਤ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸੂਬੇ ਦੇ 22 ਜ਼ਿਲਿਆਂ 'ਚ 20 ਹਜ਼ਾਰ ਤੋਂ ਵੱਧ ਲੋਕ ਇਨ੍ਹਾਂ ਹਾਦਸਿਆਂ ਕਾਰਨ ਜ਼ਖਮੀ ਹੋ ਜਾਂਦੇ ਹਨ। ਸਿਰ ਦੀਆਂ ਸੱਟਾਂ ਕਾਰਨ ਮਾਨਸਿਕ ਰੋਗੀ ਬਣ ਜਾਂਦੇ ਹਨ। ਅਜਿਹੇ ਹਾਦਸਿਆਂ ਕਰਕੇ ਕਈ ਲੋਕਾਂ ਦਾ ਆਰਥਿਕ ਸੰਤੁਲਨ ਵਿਗੜ ਜਾਂਦਾ ਹੈ।  ਸੜਕੀ ਦੁਰਘਟਨਾਵਾਂ 'ਚ ਕਈ ਪੂਰੇ ਦੇ ਪੂਰੇ ਪਰਿਵਾਰ ਹੀ ਖਤਮ ਹੋ ਗਏ ਹਨ ਤੇ ਕਈ ਘਰਾਂ ਦੇ ਚਿਰਾਗ ਬੁਝ ਗਏ। 
ਨਸ਼ੇ, ਮੋਬਾਇਲ ਫ਼ੋਨ ਅਤੇ ਹੋਰ ਕਈ ਕਾਰਨ ਹਨ ਸੜਕੀ ਹਾਦਸਿਆਂ ਦੇ 
ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਗੋਨਿਆਣਾ, ਗੈਰੀ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਜ਼ਿਲਾ ਕਨਵੀਨਰ ਡਾ. ਨਰੇਸ਼ ਪਰੂਥੀ, ਪੁਲਸ ਇੰਸਪੈਕਟਰ ਮਲਕੀਤ ਸਿੰਘ, ਸਮਾਜ ਸੇਵਕ ਜਗਤਾਰ ਬੁੱਟਰ, ਵਣ ਵਿਭਾਗ ਦੇ ਬਲਾਕ ਅਫ਼ਸਰ ਤਰਸੇਮ ਸਿੰਘ ਘਾਰੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਸਕਰਨ ਸਿੰਘ ਲੱਖੇਵਾਲੀ ਆਦਿ ਨੇ ਕਿਹਾ ਕਿ ਸ਼ਰਾਬ ਪੀ ਕੇ ਜਾਂ ਹੋਰ ਨਸ਼ਿਆਂ ਦੀ ਵਰਤੋਂ ਕਰਕੇ ਗੱਡੀ ਚਲਾਉਣ ਨਾਲ ਹਾਦਸੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਡਰਾਇਵਰੀ ਕਰਨ ਸਮੇਂ ਮੋਬਾਇਲ ਫ਼ੋਨ ਦੀ ਕੀਤੀ ਜਾ ਰਹੀ ਵਰਤੋਂ ਵੀ ਸੜਕੀ ਹਾਦਸੇ ਵਧਾਉਂਦੀ ਹੈ।  
ਪੰਜਾਬ 'ਚ ਹਰ ਸਾਲ ਵਾਪਰਦੇ ਹਨ 12 ਹਜ਼ਾਰ ਹਾਦਸੇ
ਪੰਜਾਬ 'ਚ ਹਰ ਸਾਲ 12 ਹਜ਼ਾਰ ਦੇ ਕਰੀਬ ਸੜਕ ਘਟਨਾਵਾਂ ਵਾਪਰਦੀਆਂ ਹਨ। ਸਾਰੇ ਹਾਦਸੇ ਪੁਲਸ ਥਾਣਿਆਂ 'ਚ ਦਰਜ ਨਹੀਂ ਹੁੰਦੇ ਤੇ ਕਈਆ ਦਾ ਬਾਹਰ ਹੀ ਨਿਬੇੜਾ ਹੋ ਜਾਂਦਾ ਹੈ। ਜੇਕਰ ਵੇਖਿਆ ਜਾਵੇ ਤਾਂ ਸਾਲ 1998 ਤੋਂ ਲੈ ਕੇ ਇਨ੍ਹਾਂ ਦੋ ਦਹਾਕਿਆਂ ਦੌਰਾਨ ਸੜਕੀ ਹਾਦਸਿਆਂ ਦੀ ਗਿਣਤੀ ਵੱਧਦੀ ਗਈ ਹੈ। ਇਸ ਦੇ ਬਾਵਜੂਦ ਲੋਕ ਕਾਨੂੰਨ ਅਨੁਸਾਰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ।  


Related News