ਈ-ਟਿਕਟਿੰਗ ਦੀ ਜਗ੍ਹਾ ਦਿੱਤੀਆਂ ਜਾ ਰਹੀਆਂ ਮੈਨੂਅਲ ਰਸੀਦਾਂ ਨੂੰ ਕੀਤਾ ਜ਼ਬਤ
Monday, Nov 05, 2018 - 06:00 AM (IST)

ਲੁਧਿਆਣਾ, (ਹਿਤੇਸ਼)- ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਨਗਰ ਨਿਗਮ ਦੇ ਗਲੇ ਦਾ ਫਾਹ ਬਣ ਚੁੱਕੀ ਪਾਰਕਿੰਗ ਸਾਈਟਾਂ ’ਚ ਓਵਰ ਚਾਰਜਿੰਗ ਰੋਕਣ ਲਈ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਸਟਿੰਗ ਅਾਪ੍ਰੇਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਈ-ਟਿਕਟਿੰਗ ਦੀ ਜਗ੍ਹਾ ਜਾਰੀ ਕੀਤੀਆਂ ਜਾ ਰਹੀਆਂ ਮੈਨੂਅਲ ਰਸੀਦਾਂ ਨੂੰ ਜ਼ਬਤ ਕਰ ਲਿਆ। ਇਸ ਮਾਮਲੇ ’ਚ ਨਗਰ ਨਿਗਮ ਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਹੈ ਕਿ ਪਾਰਕਿੰਗ ਸਾਈਟਾਂ ’ਚ ਨਿਯਮਾਂ ਦੀ ਪਾਲਣਾ ਨਾ ਹੋਣ ਸਮੇਤ ਤੈਅ ਕੀਤੀ ਗਈ ਫੀਸ ਤੋਂ ਕਿਤੇ ਜ਼ਿਆਦਾ ਵਸੂਲੀ ਕੀਤੀ ਜਾ ਰਹੀ ਹੈ ਪਰ ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਐਗਰੀਮੈਂਟ ਰੱਦ ਕਰਨ ਦੀ ਚਿਤਾਵਨੀ ਦੇ ਨਾਲ ਕਈ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਕੋਈ ਸੁਧਾਰ ਨਾ ਹੋਇਆ ਤਾਂ ਜੁਆਇੰਟ ਕਮਿਸ਼ਨਰ ਖੁਦ ਫੀਲਡ ਵਿਚ ਉਤਰੇ ਅਤੇ ਪ੍ਰਾਈਵੇਟ ਗੱਡੀ ’ਚ ਜਾ ਕੇ ਪਾਰਕਿੰਗ ਸਾਈਟਾਂ ’ਚ ਸਟਿੰਗ ਅਾਪ੍ਰੇਸ਼ਨ ਕੀਤਾ।
ਜਾਣਕਾਰੀ ਮੁਤਾਬਕ ਕੁਲਪ੍ਰੀਤ ਸਿੰਘ ਵਲੋਂ ਆਪਣੀ ਚੈਕਿੰਗ ਦੌਰਾਨ ਕਈ ਜਗ੍ਹਾ ਠੇਕੇਦਾਰ ਦੇ ਸਟਾਫ ਵਲੋਂ ਫਿਕਸ ਰੇਟ ਤੋਂ ਜ਼ਿਆਦਾ ਫੀਸ ਮੰਗਣ ਤੇ ਵਸੂਲਣ ਦੀ ਵੀਡੀਓ ਵੀ ਬਣਾਈ ਗਈ ਹੈ। ਇਸ ਦੇ ਅਾਧਾਰ ’ਤੇ ਪਾਰਕਿੰਗ ਠੇਕੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਅਗਲੀ ਕਾਰਵਾਈ ਕਰਨ ਲਈ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਕੋਲ ਭੇਜੀ ਜਾਵੇਗੀ।
ਨਗਰ ਨਿਗਮ ਦੇ ਨੱਕ ਹੇਠ ਹੋ ਰਹੀ ਓਵਰ ਚਾਰਜਿੰਗ ਨੂੰ ਚੈੱਕ ਕਰਨਾ ਭੁੱਲੇ ਅਫਸਰ
ਨਗਰ ਨਿਗਮ ਅਧਿਕਾਰੀਆਂ ਨੇ ਮਾਲ ਰੋਡ, ਫਿਰੋਜ਼ ਗਾਂਧੀ ਮਾਰਕੀਟ ਤੇ ਭਦੌਡ਼ ਹਾਊਸ ’ਚ ਚੈਕਿੰਗ ਕੀਤੀ ਹੈ ਪਰ ਜ਼ੋਨ ਏ ਆਫਿਸ, ਮਾਤਾ ਰਾਣੀ ਚੌਕ ਦੇ ਨੱਕ ਹੇਠਾਂ ਮਲਟੀ ਸਟੋਰੀ ਪਾਰਕਿੰਗ ’ਚ ਹੋ ਰਹੀ ਓਵਰ ਚਾਰਜਿੰਗ ਨੂੰ ਚੈੱਕ ਕਰਨਾ ਭੁੱਲ ਗਏ। ਜਦਕਿ ਇਸ ਬਾਰੇ ਸ਼ਿਕਾਇਤ ਮਿਲਣ ’ਤੇ ਕਮਿਸ਼ਨਰ ਨੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।