ਅਮਰੀਕਾ ’ਚ ਉੱਚ ਵਿੱਦਿਆ ਹਾਸਲ ਕਰਕੇ ਪੂਰੇ ਕੁਨਵੇ ਦਾ ਨਾਂ ਰੋਸ਼ਨ ਕਰ ਰਹੀ ਹੈ ਝੁੱਗੀਆਂ ’ਚ ਪਲ਼ੀ ਰਵੀਨਾ

Friday, Apr 29, 2022 - 01:03 PM (IST)

ਅਮਰੀਕਾ ’ਚ ਉੱਚ ਵਿੱਦਿਆ ਹਾਸਲ ਕਰਕੇ ਪੂਰੇ ਕੁਨਵੇ ਦਾ ਨਾਂ ਰੋਸ਼ਨ ਕਰ ਰਹੀ ਹੈ ਝੁੱਗੀਆਂ ’ਚ ਪਲ਼ੀ ਰਵੀਨਾ

ਧੂਰੀ  (ਪ੍ਰਿੰਸ) :  ਝੁੱਗੀਆਂ-ਝੋਪੜੀਆਂ ਵਿੱਚ ਰਹਿਣ ਵਾਲੇ ਵਿਰਲੇ ਵਿਅਕਤੀਆਂ ਨੂੰ ਹੀ ਪੜ੍ਹ-ਲਿਖ ਕੇ ਸਮਾਜ ਵਿੱਚ ਨਾਮਣਾ ਖੱਟਣ ਦਾ ਸੋਭਾਗ ਪ੍ਰਾਪਤ ਹੁੰਦਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਬਹੁਤਿਆਂ ਬਦਨਸੀਬਾਂ ਨੂੰ ਤਾਂ ਘਰਾਂ ਵਿੱਚ ਪੜ੍ਹਾਈ ਦਾ ਮਾਹੌਲ ਹੀ ਨਹੀਂ ਮਿਲਦਾ ਅਤੇ ਗਰੀਬੀ ਤੇ ਆਰਥਿਕ ਮਜਬੂਰੀਆਂ ਦਾ ਦੈਂਤ ਉਨਾਂ ਦੇ ਸੁਪਨਿਆਂ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਅਤੇ ਲੜਕੀਆਂ ਨੂੰ ਉੱਚ ਪੜ੍ਹਾਈ-ਲਿਖਾਈ ਕਰਵਾਉਣ ਨੂੰ ਲੈ ਕੇ ਅਜਿਹੇ ਕਬੀਲਿਆਂ ਵਿੱਚੋਂ ਬਹੁਤਿਆਂ ਦਾ ਨਜ਼ਰੀਆ ਅਜੇ ਵੀ ਕਾਫੀ ਤੰਗ ਹੈ। ਧੂਰੀ ਵਿਖੇ ਜੋਗੀਆਂ ਦੀ ਬਸਤੀ ਵਿੱਚ ਪਿਤਾ ਸ਼੍ਰੀ ਸੰਤ ਨਾਥ ਦੇ ਘਰ ਮਾਤਾ ਪ੍ਰਕਾਸ਼ੋ ਦੇਵੀ ਦੀ ਕੁੱਖੋਂ ਜਨਮੀਂ ਰਵੀਨਾ ਨੇ ਦੱਸਿਆ ਕਿ ਉਹ ਧੂਰੀ ਦੀ ਜੰਮਪਲ ਹੈ ਅਤੇ ਅੱਠ ਭੈਣ-ਭਰ੍ਹਾਵਾਂ ਵਿੱਚੋਂ ਸਭ ਤੋਂ ਛੋਟੀ ਹੈ ਅਤੇ ਉਸ ਦੇ ਭੈਣਾਂ-ਭਰਾਵਾਂ ਵਿੱਚੋਂ ਬਹੁਤੇ ਅਜੇ ਵੀ ਧੂਰੀ ਅਤੇ ਪੰਜਾਬ ਵਿੱਚ ਰਹਿੰਦੇ ਹਨ। ਉਹ ਜਦੋਂ ਦੋ ਮਹੀਨਿਆਂ ਦੀ ਸੀ ਤਾਂ ਰੋਜੀ ਰੋਟੀ ਦੀ ਤਲਾਸ਼ ਵਿੱਚ ਆਪਣੇ ਮਾਤਾ-ਪਿਤਾ ਨਾਲ ਨੇਪਾਲ ਚਲੀ ਗਈ ਅਤੇ ਜਿੱਥੇ ਅਮਰੀਕਾ ਦੀ ਇੱਕ ਸੰਸਥਾ ਵੱਲੋਂ ਉਨ੍ਹਾਂ ਦੀ ਪੜ੍ਹਾਈ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਆਪਣੇ ਖਰਚੇ ’ਤੇ ਅਮਰੀਕਾ ਵਿੱਚ ਪੜ੍ਹਾਈ ਲਈ ਭੇਜਿਆ ਗਿਆ। 

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

ਦੁਨੀਆ ਭਰ ਵਿੱਚ ਅਮਰੀਕਾ ਦੀ ਮਸ਼ਹੂਰ ਹਾਰਵਰਡ ਯੂਨੀਵਰਸਿਟੀ ਵੱਲੋਂ ਉਸਨੂੰ ਮਾਸਟਰ ਦੀ ਪੜ੍ਹਾਈ ਕਰਨ ਦੀ ਪੇਸ਼ਕਸ਼ ਮਿਲੀ ਹੋਈ ਹੈ। ਗਰਮੀ ਦੀਆਂ ਪਿਛਲੇ ਦੋ ਸਾਲਾਂ ਦੀਆਂ ਛੁੱਟੀਆਂ ਦੌਰਾਨ ਉਸ ਨੇ ਵਿਸ਼ਵ ਭਰ ਦੀ ਵੱਡੀ ਬ੍ਰੋਕਰੇਜ਼ ਕੰਪਨੀ ਯੂ.ਬੀ.ਐੱਸ. ਲਈ ਵੀ ਕੰਮ ਕੀਤਾ ਹੈ। ਰਵੀਨਾ ਦੇ ਪਰਿਵਾਰ ਨੂੰ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਆਪਣੇ ਦਫ਼ਤਰ ਵਿੱਚ ਬੁਲਾ ਕੇ ਰਵੀਨਾ ਦੇ ਮਾਤਾ ਪਿਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ। 

PunjabKesari

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਵਿੱਚ ਮੁੰਡੇ ਅਤੇ ਕੁੜੀਆਂ ਵਿੱਚ ਸਾਨੂੰ ਕਿਸੇ ਵੀ ਤਰਾਂ ਦਾ ਫਰਕ ਨਹੀਂ ਸਮਝਣਾ ਚਾਹੀਦਾ ਅਤੇ ਰਵੀਨਾ ਦੇ ਪਰਿਵਾਰ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਰੋਜ਼ ਦਾ ਕਮਾ ਕੇ ਖਾਣ ਵਾਲਾ ਪਰਿਵਾਰ  ਦੀ ਬੇਟੀ  ਅੱਜ ਅਮਰੀਕਾ ਦੀ ਟੌਪ ਦੀ ਯੂਨੀਵਰਸਿਟੀ ਵਿੱਚ ਆਪਣਾ ਨਾਮ ਚਮਕਾ ਰਹੀ ਹੈ ਅਤੇ ਹੋਰਨਾਂ ਲੜਕੀਆਂ ਨੂੰ ਵੀ ਇੱਕ ਹੌਸਲਾ ਦੇ ਰਹੀ ਹੈ। ਰਵੀਨਾ ਦੀ ਇਸ ਕਾਬਲੀਅਤ ਸਦਕਾ ਅਕਸਰ ਹੀ ਉਨ੍ਹਾਂ ਦੇ ਘਰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਆ ਕੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਰਵੀਨਾ ਦੇ ਮਾਤਾ ਪਿਤਾ ਨੇ ਐੱਸ.ਐੱਸ.ਪੀ ਸੰਗਰੂਰ ਵੱਲੋਂ ਮਿਲੇ ਸਨਮਾਨ ’ਤੇ ਐੱਸ.ਪੀ ਸਾਬ ਦਾ ਧੰਨਵਾਦ ਕਰਦਿਆਂ ਆਪਣੀ ਧੀ ਰਵੀਨਾ ’ਤੇ ਮਾਣ ਮਹਿਸੂਸ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News