ਮੀਂਹ ਨੇ ਖੋਲ੍ਹੀ ਨਿਕਾਸੀ ਪ੍ਰਬੰਧਾਂ ਦੀ ਪੋਲ,ਪਾਣੀ-ਪਾਣੀ ਹੋਇਆ ਸ਼ਹਿਰ ਤੇ ਝੀਲ 'ਚ ਤਬਦੀਲ ਹੋਏ ਬਾਜ਼ਾਰ
Sunday, Jul 12, 2020 - 12:58 PM (IST)
ਭਵਾਨੀਗੜ੍ਹ(ਵਿਕਾਸ, ਕਾਂਸਲ) : ਇਲਾਕੇ 'ਚ ਦੇਰ ਰਾਤ ਤੋਂ ਪੈ ਰਹੇ ਮੁਸਲਾਧਾਰ ਮੀਂਹ ਨੇ ਜਿੱਥੇ ਗਰਮੀ ਦੇ ਝੰਬੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਉੱਥੇ ਹੀ ਸ਼ਹਿਰ ਵਾਸੀਆਂ ਲਈ ਮੀਂਹ ਮੁਸੀਬਤ ਬਣ ਕੇ ਵਰਸਿਆ। ਸ਼ਹਿਰ ਦੇ ਜਿਆਦਾਤਰ ਨੀਵੇਂ ਇਲਾਕੇ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਏ। ਇਸ ਦੌਰਾਨ ਸਭ ਤੋਂ ਜਿਆਦਾ ਪ੍ਰੇਸ਼ਾਨੀ ਮੁੱਖ ਬਾਜ਼ਾਰ ਦੇ ਦੁਕਾਨਾਦਾਰਾਂ ਸਮੇਤ ਜੈਨ ਕਲੋਨੀ, ਦਸ਼ਮੇਸ਼ ਨਗਰ, ਅਜੀਤ ਨਗਰ, ਬਲਿਆਲ ਰੋਡ, ਬਿਸ਼ਨ ਨਗਰ, ਹਸਪਤਾਲ ਰੋਡ ਤੇ ਭਗਤ ਸਿੰਘ ਚੌਕ ਨੇੜੇ ਰਹਿੰਦੇ ਵਸਨੀਕਾਂ ਨੂੰ ਝੱਲਣੀ ਪਈ।
ਪਿਛਲੇ ਕਈ ਸਾਲਾਂ ਤੋਂ ਅਤਿ ਮਾੜੇ ਨਿਕਾਸੀ ਪ੍ਰਬੰਧਾ ਨਾਲ ਜੂਝ ਰਹੇ ਸ਼ਹਿਰ ਦੇ ਲੋਕਾਂ ਨੂੰ ਸਰਕਾਰ ਜਾ ਪ੍ਰਸ਼ਾਸ਼ਨ ਇਸ ਸਮੱਸਿਆ 'ਚੋਂ ਬਾਹਰ ਨਹੀਂ ਕੱਢ ਸਕਿਆ। ਜਿਸ ਕਾਰਣ ਮੀਂਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ 'ਚ ਦਾਖਲ ਹੋ ਗਿਆ। ਸਾਰਾ ਸਮਾਨ ਪਾਣੀ 'ਚ ਡੁੱਬਣ ਕਰਕੇ ਲੋਕਾਂ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਆਸਪਾਸ ਤੇ ਨਗਰ ਕੌੰਸਲ ਦਫ਼ਤਰ ਚੌਕ ਸਮੇਤ ਤਹਿਸੀਲ ਕੰਪਲੈਕਸ ਨੂੰ ਵੀ ਮੀਂਹ ਦੇ ਪਾਣੀ ਨੇ ਘੇਰ ਲਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਥਾਵਾਂ 'ਤੇ ਮੀਂਹ ਦਾ ਪਾਣੀ ਕਈ-ਕਈ ਦਿਨ ਤੱਕ ਜਮਾਂ ਰਹਿੰਦਾ ਹੈ। ਜਿਸ ਕਰਕੇ ਲੋਕਾਂ ਨੂੰ ਵੱਡੀ ਦਿੱਕਤ ਝੱਲਣੀ ਪੈਂਦੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਵਿਚ ਸੁਧਾਰ ਕਰਕੇ ਸਮੱਸਿਆ ਤੋਂ ਨਿਜਾਤ ਦਵਾਉਣ ਦੀ ਮੰਗ ਕੀਤੀ ਹੈ।