ਮੀਂਹ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ ਪੋਲ, ਨਿਰਮਾਣ ਕਾਰਜਾਂ 'ਚ ਘਟੀਆ ਮਟੀਰੀਅਲ ਵਰਤਣ ਦਾ ਦੋਸ਼

05/09/2021 2:18:18 PM

ਭਵਾਨੀਗੜ੍ਹ (ਕਾਂਸਲ, ਵਿਕਾਸ) : ਇਲਾਕੇ 'ਚ ਪਿਛਲੇ ਦਿਨੀਂ ਹੋਈ ਬਰਸਾਤ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਕਾਕੜਾ ਰੋਡ ਨੇੜੇ ਵਾਰਡ ਨੰਬਰ 7 'ਚ ਕਰੀਬ ਦੋ ਮਹੀਨੇ ਪਹਿਲਾਂ ਬਣੀਆਂ ਗਲੀਆਂ ਦਬ ਜਾਣ ਦੇ ਰੋਸ ਵੱਜੋਂ ਐਤਵਾਰ ਨੂੰ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕਾਂ ਨੇ ਵਿਕਾਸ ਕਾਰਜਾਂ ਵਿੱਚ ਵਰਤੇ ਮਟੀਰੀਅਲ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।  ਪ੍ਰਦਰਸ਼ਨ ਕਰ ਰਹੇ ਮੁਹੱਲਾ ਨਿਵਾਸੀਆਂ ਇੰਦਰਜੀਤ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਨੇ ਕਿਹਾ ਉਨ੍ਹਾਂ ਦੇ ਮੁਹੱਲੇ ਦੀਆਂ ਗਲੀਆਂ ਦਾ ਦਸ ਸਾਲ ਬਾਅਦ ਹੁਣ ਨਿਰਮਾਣ ਹੋਇਆ ਸੀ। ਗਲੀਆਂ ਬਣੇ ਨੂੰ ਹਾਲੇ ਡੇਢ ਦੋ ਮਹੀਨੇ ਹੀ ਹੋਏ ਹਨ ਕਿ ਬੀਤੇ ਦਿਨੀਂ ਹੋਈ ਬਰਸਾਤ ਕਾਰਨ ਦੋ ਗਲੀਆਂ ਦੀਆਂ ਇੰਟਰਲਾਕਿੰਗ ਟਾਇਲਾਂ ਹੇਠਾਂ ਦਬ ਗਈਆਂ ਜਿਸ ਕਾਰਨ 4- 4 ਫੁੱਟ ਡੂੰਘੇ ਟੋਏ ਪੈ ਗਏ।

PunjabKesari

ਜਿਨ੍ਹਾਂ ਟੋਇਆ ਵਿੱਚ ਕੱਲ ਸਾਈਕਲ 'ਤੇ ਜਾ ਰਹੇ ਮੁਹੱਲੇ ਦੇ ਦੋ ਬੱਚੇ ਡਿੱਗ ਪਏ। ਲੋਕਾਂ ਨੇ ਦੱਸਿਆ ਕਿ ਗਲੀ ਦਬ ਜਾਣ ਕਾਰਨ ਉਨ੍ਹਾਂ ਨੂੰ ਵੀ ਹੋਰ ਗਲੀਆਂ ’ਚੋਂ ਘੁੰਮ ਕੇ ਆਉਣਾ ਪੈੰਦਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਮੁਹੱਲੇ ਵਿੱਚ ਗਲੀਆਂ ਬਣਾਉਣ ਸਮੇਂ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਗਲੀਆਂ ਦੀ ਮੁਰੰਮਤ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਭਵਾਨੀਗੜ੍ਹ ਦੇ ਈ.ਓ. ਰਾਕੇਸ਼ ਕੁਮਾਰ ਨੇ ਕਿਹਾ ਕਿ ਗਲੀਆਂ ਬਣਾਉਣ ਦਾ ਕੰਮ ਸੀਵਰੇਜ ਬੋਰਡ ਦੇ ਠੇਕੇਦਾਰ ਦਾ ਹੈ। ਓਧਰ, ਨਗਰ ਕੌਂਸਲ ਦੀ ਪ੍ਰਧਾਨ ਸੁਖਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਇੰਨ੍ਹਾਂ ਗਲੀਆਂ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ ਫਿਰ ਵੀ ਉਕਤ ਮਾਮਲਾ ਧਿਆਨ ਵਿੱਚ ਆਇਆ ਹੈ ਜਿਸ ਸਬੰਧੀ ਉਨ੍ਹਾਂ ਵਲੋਂ  ਸੀਵਰੇਜ ਬੋਰਡ ਦੇ ਠੇਕੇਦਾਰ ਨੂੰ ਪਹਿਲ ਦੇ ਅਧਾਰ 'ਤੇ ਇਨ੍ਹਾਂ ਗਲੀਆਂ ਦੀ ਮੁਰੰਮਤ ਕਰਵਾਉਣ ਬਾਰੇ ਕਹਿ ਦਿੱਤਾ ਗਿਆ ਹੈ।

 

 


Anuradha

Content Editor

Related News