ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੋਵਿਡ ਯੋਧਿਆਂ ਦਾ ਕੀਤਾ ਸਨਮਾਨ
Sunday, Sep 18, 2022 - 04:41 PM (IST)
ਚੰਡੀਗੜ੍ਹ (ਬਿਊਰੋ) : ਐੱਸ. ਆਰ. ਐੱਸ. ਫਾਊਂਡੇਸ਼ਨ ਵੱਲੋਂ ਚੰਡੀਗੜ੍ਹ ਵਿਖੇ ਇਕ ਮੈਡੀਕਲ ਕਾਨਫਰੰਸ, ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਕੀਤੀ। ਪ੍ਰੋਗਰਾਮ ਦਾ ਉਦੇਸ਼ ਮਹਾਮਾਰੀ ਦੇ ਸਮੇਂ ਦੌਰਾਨ ਕੋਰੋਨਾ ਯੋਧਿਆਂ ਦੇ ਯੋਗਦਾਨ ਨੂੰ ਪਛਾਣਨ ਅਤੇ ਪ੍ਰਸ਼ੰਸਾ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਸੀ। ਮੈਡੀਕਲ ਅਤੇ ਪੈਰਾ-ਮੈਡੀਕਲ ਪੇਸ਼ੇਵਰਾਂ ਨੂੰ ਧਰਤੀ ’ਤੇ ਪ੍ਰਮਾਤਮਾ ਦੀ ਮੂਰਤ ਦੱਸਦਿਆਂ ਜੌੜਾਮਾਜਰਾ ਨੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ, ਜਿਵੇਂ ਕਿ ਨਰਸਾਂ, ਵਾਰਡ ਬੁਆਏ ਅਤੇ ਸੁਰੱਖਿਆ ਗਾਰਡਾਂ ਨੂੰ ਸਨਮਾਨਿਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਡਾਕਟਰੀ ਪੇਸ਼ੇਵਰਾਂ ਨੇ ਕੋਵਿਡ ਨਾਲ ਨਜਿੱਠਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ, ਉਹ ਸਮਾਂ ਸੀ ਜਦੋਂ ਪਰਿਵਾਰਕ ਮੈਂਬਰ ਵੀ ਆਪਣੇ ਮਰ ਰਹੇ ਰਿਸ਼ਤੇਦਾਰਾਂ ਦੇ ਨੇੜੇ ਆਉਣ ਦੀ ਹਿੰਮਤ ਨਹੀਂ ਕਰਦੇ ਸਨ ਪਰ ਇਨ੍ਹਾਂ ਪੇਸ਼ੇਵਰਾਂ ਨੇ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਈ ਅਤੇ ਆਪਣੇ ਯਤਨਾਂ ਨਾਲ ਅਨੇਕਾਂ ਜਾਨਾਂ ਬਚਾਈਆਂ।
ਇਹ ਖ਼ਬਰ ਵੀ ਪੜ੍ਹੋ : ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਝਗੜੇ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਦਿੱਤੇ ਇਹ ਹੁਕਮ
ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਹਤ ਖੇਤਰ ਦਾ ਸੁਧਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਨ੍ਹਾਂ ਦੀ ਸਰਕਾਰ, ਸਰਕਾਰੀ ਹਸਪਤਾਲਾਂ ’ਚ ਮਿਆਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਸੂਬੇ ’ਚ ਸਸਤੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਮੋਟੀਆਂ ਫੀਸਾਂ ਦੇ ਕੇ ਡਾਕਟਰੀ ਸਿੱਖਿਆ ਲਈ ਵਿਦੇਸ਼ਾਂ ’ਚ ਨਾ ਜਾਣਾ ਪਵੇ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਉੱਘੇ ਵਾਤਾਵਰਣ ਪ੍ਰੇਮੀ ਨੇ ਗੁਰਬਾਣੀ ਦੇ ਸ਼ਬਦ ‘ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਉਚਾਰਨ ਕਰਦਿਆਂ ਵਾਤਾਵਰਣ ਦੀ ਸੁਰੱਖਿਆ ’ਤੇ ਜ਼ੋਰ ਦਿੱਤਾ, ਜਿਸ ਵਿਚ ਧਰਤੀ ’ਤੇ ਜੀਵਨ ਤਿੰਨ ਥੰਮ੍ਹਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਕੋਵਿਡ ਮਹਾਮਾਰੀ ਦੇ ਸਮੇਂ ਦੌਰਾਨ ਜੀਵਨ ਬਾਰੇ ਇਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ’ਚ ਮੈਡੀਕਲ, ਅਧਿਆਤਮਿਕ ਅਤੇ ਮਨੋਵਿਗਿਆਨ ਦੇ ਵਿਸ਼ਾ ਮਾਹਿਰਾਂ ਨੇ ਹਿੱਸਾ ਲਿਆ। ਡਾ. ਗੁਰਬੀਰ ਸਿੰਘ, ਡਾ. ਦਿਗੰਬਰ, ਯੋਗੀ ਅਮਨਦੀਪ ਸਿੰਘ ਅਤੇ ਰੀਨਾ ਗੁਪਤਾ ਨੇ ਅੱਜ ਦੇ ਹਾਲਾਤ ’ਚ ਚੰਗੀ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਕਿਉਂਕਿ ਸਾਡੇ ’ਚੋਂ ਹਰ ਕੋਈ ਕਿਸੇ ਨਾ ਕਿਸੇ ਤਣਾਅ ’ਚ ਰਹਿੰਦਾ ਹੈ, ਜਿਸ ਕਾਰਨ ਅਕਸਰ ਸਰੀਰਕ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ।
ਐੱਸ. ਆਰ. ਐੱਸ. ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਸਾਜਨ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਜੌੜਾਮਾਜਰਾ ਦੀ ਯੋਗ ਅਗਵਾਈ ਹੇਠ ਸਾਡੀ ਸੰਸਥਾ ਪੰਜਾਬ ਰਾਜ ਦੇ ਸਿਹਤ ਖੇਤਰ ਨੂੰ ਦੇਸ਼ ’ਚ ਨੰਬਰ ਇਕ ਬਣਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ, ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਅਤੇ ‘ਆਪ’ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਡਾ. ਪ੍ਰਭਜੋਤ ਕੌਰ ਹਾਜ਼ਰ ਸਨ।