ਲਹਿਰਾਗਾਗਾ ''ਚ ਖੁੱਲ੍ਹੇਗਾ ਮੈਡੀਕਲ ਕਾਲਜ : ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
Friday, Jan 09, 2026 - 07:37 PM (IST)
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ 'ਤੇ ਮੋਹਰ ਲਗਾਈ ਗਈ ਹੈ। ਇਸ ਮੀਟਿੰਗ ਵਿੱਚ ਸੂਬੇ ਦੇ ਸਿਹਤ ਢਾਂਚੇ, ਸਿੱਖਿਆ ਅਤੇ ਰੀਅਲ ਅਸਟੇਟ ਖੇਤਰ ਨੂੰ ਲੈ ਕੇ ਕਈ ਵੱਡੀਆਂ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ।
ਲਹਿਰਾਗਾਗਾ ਵਿੱਚ ਬਣੇਗਾ ਨਵਾਂ ਮੈਡੀਕਲ ਕਾਲਜ
ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਲਹਿਰਾਗਾਗਾ ਵਿੱਚ ਸਥਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਹੁਣ ਇੱਕ ਮੈਡੀਕਲ ਕਾਲਜ ਵਿੱਚ ਤਬਦੀਲ ਕੀਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਸੰਸਥਾ ਲੰਬੇ ਸਮੇਂ ਤੋਂ ਬੰਦ ਪਈ ਸੀ ਅਤੇ ਇੱਥੇ ਤਾਇਨਾਤ 93 ਅਧਿਆਪਕਾਂ ਨੂੰ ਹੁਣ ਦੂਜੇ ਵਿਭਾਗਾਂ ਵਿੱਚ ਤਾਇਨਾਤ ਕੀਤਾ ਜਾਵੇਗਾ।
* ਇਸ ਕਾਲਜ ਵਿੱਚ ਪਹਿਲੀ ਵਾਰ MBBS ਦੀਆਂ 100 ਸੀਟਾਂ ਹੋਣਗੀਆਂ, ਜਿਨ੍ਹਾਂ ਵਿੱਚੋਂ 50 ਸੀਟਾਂ ਪੰਜਾਬ ਸਰਕਾਰ ਅਤੇ 50 ਸੀਟਾਂ ਘੱਟ ਗਿਣਤੀ ਸੰਸਥਾ ਦੇ ਹਿੱਸੇ ਹੋਣਗੀਆਂ।
* ਇਹ ਹਸਪਤਾਲ ਪਹਿਲਾਂ 220 ਬੈੱਡਾਂ ਦਾ ਹੋਵੇਗਾ, ਜਿਸ ਨੂੰ ਬਾਅਦ ਵਿੱਚ ਵਧਾ ਕੇ 421 ਬੈੱਡਾਂ ਦਾ ਕੀਤਾ ਜਾਵੇਗਾ।
* ਇਸ ਫੈਸਲੇ ਨਾਲ ਮਾਲਵਾ ਖੇਤਰ ਦੇ 150 ਕਿਲੋਮੀਟਰ ਦੇ ਦਾਇਰੇ ਵਿੱਚ ਸਿਹਤ ਸਹੂਲਤਾਂ ਵਿੱਚ ਵੱਡਾ ਸੁਧਾਰ ਹੋਵੇਗਾ।
ਗਮਾਡਾ (GMADA) ਪਲਾਟਾਂ ਦੇ ਰੇਟ ਘਟੇ
ਰੀਅਲ ਅਸਟੇਟ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਗਮਾਡਾ ਦੇ ਅਧੀਨ ਆਉਂਦੀਆਂ ਐਰੋਸਿਟੀ, ਆਈ.ਟੀ. ਸਿਟੀ ਅਤੇ ਇਕੋ ਸਿਟੀ ਦੀਆਂ ਰਿਹਾਇਸ਼ੀ ਅਤੇ ਵਪਾਰਕ ਸਾਈਟਾਂ ਦੇ ਰੇਟਾਂ ਵਿੱਚ 22.5 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਨ੍ਹਾਂ ਸਾਈਟਾਂ ਦੇ ਰੇਟ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਨਿਲਾਮੀ ਨਹੀਂ ਹੋ ਰਹੀ ਸੀ ਪਰ ਹੁਣ ਘੱਟ ਰੇਟਾਂ 'ਤੇ ਬੋਲੀ ਲਗਾਈ ਜਾ ਸਕੇਗੀ।
ਨੈਸ਼ਨਲ ਹਾਈਵੇਅ ਲਈ ਮਿੱਟੀ ਮੁਹੱਈਆ ਕਰਵਾਏਗੀ ਸਰਕਾਰ
ਲੁਧਿਆਣਾ ਤੋਂ ਰੋਪੜ ਤੱਕ ਬਣਨ ਵਾਲੇ ਨੈਸ਼ਨਲ ਹਾਈਵੇਅ ਦੇ ਅਟਕੇ ਹੋਏ ਕੰਮ ਨੂੰ ਤੇਜ਼ ਕਰਨ ਲਈ ਸਰਕਾਰ ਨੇ NHAI ਨੂੰ 3 ਰੁਪਏ ਪ੍ਰਤੀ ਕਿਊਬਿਕ ਮੀਟਰ ਦੇ ਹਿਸਾਬ ਨਾਲ ਮਿੱਟੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਇਹ ਮੁੱਦਾ ਚੀਫ਼ ਸੈਕ੍ਰੇਟਰੀ ਦੇ ਸਾਹਮਣੇ ਉਠਾਇਆ ਸੀ, ਕਿਉਂਕਿ ਮਿੱਟੀ ਨਾ ਮਿਲਣ ਕਾਰਨ ਕੰਮ ਰੁਕਿਆ ਹੋਇਆ ਸੀ।
ਹੋਰ ਅਹਿਮ ਫੈਸਲੇ
ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਪਾਲਿਸੀ: ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਕ੍ਰਾਂਤੀਕਾਰੀ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਹੈ। ਇਹ ਗਲੋਬਲ ਵਰਲਡ ਯੂਨੀਵਰਸਿਟੀ ਦੀ ਤਰਜ਼ 'ਤੇ ਹੋਵੇਗੀ।
ਵਨ ਟਾਈਮ ਸੈਟਲਮੈਂਟ (OTS) ਪਾਲਿਸੀ: ਹਾਊਸਿੰਗ ਵਿਭਾਗ ਦੇ ਪਲਾਟ ਅਲਾਟੀਆਂ ਲਈ ਇਸ ਯੋਜਨਾ ਦੀ ਮਿਆਦ ਵਧਾ ਕੇ 31 ਮਾਰਚ 2026 ਤੱਕ ਕਰ ਦਿੱਤੀ ਗਈ ਹੈ।
