CM ਭਗਵੰਤ ਮਾਨ ਵਲੋਂ ਪ੍ਰਾਈਵੇਟ ਸਕੂਲ ਨੂੰ ਦਿੱਤੀਆਂ ਹਦਾਇਤਾਂ ਦਾ ਨਹੀਂ ਹੋ ਰਿਹਾ ਕੋਈ ਅਸਰ

04/07/2022 1:09:13 PM

ਭਾਦਸੋਂ : (ਅਵਤਾਰ) : ਪਿੰਡ ਦਿੱਤੂਪੁਰ ਜੱਟਾਂ ਦੇ ਇਕ ਪ੍ਰਾਈਵੇਟ ਸਕੂਲ ਗੋਲਡਨ ਏਰਾ ਦੇ ਗੇਟ ਸਾਹਮਣੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਾਧੂ ਫੀਸਾਂ ਲੈਣ ਦੇ ਵਿਰੋਧ ’ਚ ਧਰਨਾ ਲਗਾਇਆ ਗਿਆ ਅਤੇ ਸਕੂਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ।  ਇਸ ਮੌਕੇ ਗੱਲਬਾਤ ਕਰਦੇ ਹੋਏ ਮਾਪਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਜਾਰੀ ਕੀਤੀਆਂ ਹਦਾਇਤਾਂ ਦੇ ਉਲਟ ਸਕੂਲ ਵੱਲੋਂ ਵਿਦਿਆਰਥੀਆਂ ਕੋਲੋਂ ਵਾਧੂ ਫੀਸਾਂ ਲਈਆਂ ਜਾ ਰਹੀਆਂ ਹਨ। ਟਰਾਂਸਪੋਰਟ ਦੇ ਵੀ ਵੱਧ ਪੈਸੇ ਵਸੂਲੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਕੋਈ ਵੀ ਸਕੂਲ ਸਾਲਾਨਾ ਰਕਮ ਚਾਰਜ ਜਾਂ ਹੋਰ ਕੋਈ ਵਾਧੂ ਚਾਰਜ ਨਹੀਂ ਲਗਾ ਸਕਦੇ ਪਰ ਸਕੂਲ ਵੱਲੋਂ ਮਹੀਨਾਵਾਰ ਫੀਸ ਲੈਣ ਦੇ ਨਾਲ-ਨਾਲ ਸਾਲਾਨਾ ਵਾਧੂ ਫੀਸ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਪਹਿਲਾਂ ਸਾਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਲਾਉਣੇ ਪੈ ਰਹੇ ਹਨ ਅਤੇ ਵਰਦੀਆਂ ਕਿਤਾਬਾਂ ਵੀ ਸਕੂਲ ਵਲੋਂ ਕਹੇ ਜਾ ਰਹੇ ਦੁਕਾਨਦਾਰਾਂ ਤੋਂ ਖ਼ਰੀਦਣੀਆਂ ਪੈ ਰਹੀਆਂ ਹਨ। ਇਨ੍ਹਾਂ ਸਕੂਲਾਂ ਦੁਆਰਾ ਮਾਪਿਆਂ ਦੀ ਜ਼ਬਰਦਸਤ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਇਨ੍ਹਾਂ ਸਕੂਲਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ’ਤੇ ਲਗਾਮ ਪਾਉਣ ’ਚ ਫੇਲ੍ਹ ਸਾਬਤ ਹੋਈ ਹੈ।  

PunjabKesari

ਇਹ ਵੀ ਪੜ੍ਹੋ : ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇ ਜਾਮ ਦੀ ਹੋਈ ਸਮਾਪਤੀ, ਮੋਰਚੇ ਵੱਲੋਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ

ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਇਹ ਵੀ ਕਿਹਾ ਕਿ ਸਕੂਲ ਵੱਲੋਂ ਦੋ ਕਿਲੋਮੀਟਰ ਦੇ ਅੰਦਰ 1200 ਰੁਪਏ ਦੇ ਕਰੀਬ ਵੈਨ ਚਾਰਜਿਜ਼ ਲਏ ਜਾ ਰਹੇ ਹਨ।  ਇਸ ਤੋਂ ਵੱਧ ਕਿਲੋਮੀਟਰ ਦੇ ਦਾਇਰੇ ਅੰਦਰ ਵੀ ਵੱਧ ਤੋਂ ਵੱਧ ਵੈਨ ਚਾਰਜ ਲਏ ਜਾ ਰਹੇ ਹਨ, ਜੋ ਸਰਾਸਰ ਗ਼ਲਤ ਹਨ । ਇਸ ਦੌਰਾਨ ਮਾਪਿਆਂ ਵੱਲੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ । ਧਰਨੇ ਦੌਰਾਨ ਥਾਣਾ ਮੁਖੀ ਸਬ ਇੰਸਪੈਕਟਰ ਰਾਜਵਿੰਦਰ ਕੌਰ ,ਨਾਭਾ ਹਲਕੇ ਦੇ ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ,ਸਮਾਜ ਸੇਵੀ ਨਰਿੰਦਰ ਜੋਸ਼ੀ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਮਸਲੇ ਨੂੰ ਹੱਲ ਕਰਨ ਦੇ ਲਈ ਅੱਗੇ ਆਏ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾਂਦੀ ਫੀਸ, ਸਕੂਲਾਂ ਦੇ ਅੰਦਰੋਂ ਹੀ ਦਿੱਤੀਆਂ ਜਾਂਦੀਆਂ ਕਿਤਾਬਾਂ-ਕਾਪੀਆਂ, ਸਟੇਸ਼ਨਰੀ, ਵਰਦੀ ਅਤੇ ਸਾਲਾਨਾ ਫੀਸ ਨਾ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਐਲਾਨ ਸਿਰਫ਼ ਐਲਾਨ ਹੀ ਬਣ ਕੇ ਰਹਿ ਗਏ ਹਨ ਕਿਉਂਕਿ ਭਾਦਸੋਂ ਖੇਤਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਹਰ ਸਾਲ ਮੋਟੀਆਂ ਰਕਮਾਂ ਦੇ ਰੂਪ ਵਿੱਚ ਬਿਲਡਿੰਗ ਫੰਡ ਅਤੇ ਸਾਲਾਨਾ ਫੰਡ ਵਸੂਲਿਆ ਜਾਂਦਾ ਹੈ। ਇਸ ਤੋਂ ਇਲਾਵਾ ਹਰ ਸਾਲ ਦਾਖ਼ਲਾ ਫੀਸ ਵੀ ਵਧਾਈ ਜਾ ਰਹੀ ਹੈ। ਸਕੂਲ ਪ੍ਰਬੰਧਕਾਂ ਵੱਲੋਂ ਸਕੂਲਾਂ ਦੇ ਅੰਦਰੋਂ ਹੀ ਕਾਪੀਆਂ-ਕਿਤਾਬਾਂ, ਸਟੇਸ਼ਨਰੀ, ਵਰਦੀ ਵੀ ਮਾਪਿਆਂ ਨੂੰ ਜ਼ਬਰਦਸਤੀ ਖਰੀਦਣ ਲਈ ਦਬਾਅ ਪਾਇਆ ਜਾ ਰਿਹਾ ਹੈ। 

ਕੀ ਕਹਿੰਦੇ ਹਨ ਸਕੂਲ਼ ਦੇ ਪ੍ਰਿੰਸੀਪਲ

ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਵਿਸ਼ਵ ਰੁਚੀ ਡੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਿਜ਼ਲਟ ਜਾਰੀ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਕਿਤਾਬਾਂ ਵਗੈਰਾ ਦੀਆਂ ਲਿਸਟਾਂ ਸਕੂਲ ਦੇ ਨੋਟਿਸ ਬੋਰਡ ’ਤੇ ਲਗਾ ਦਿੱਤੀਆਂ ਗਈਆਂ ਸਨ ਤਾਂ ਜੋ ਮਾਪੇ ਕਿਤੇ ਵੀ ਜਾ ਕੇ ਕਿਤਾਬਾਂ ਡਰੈੱਸ ਵਗੈਰਾ ਖਰੀਦ ਸਕਣ । ਸਕੂਲ ਵੱਲੋਂ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਡਰੈੱਸ ਵਗੈਰਾ ਖ਼ਰੀਦਣ ਲਈ ਨਹੀਂ ਕਿਹਾ ਜਾਂਦਾ। ਵਧੀਆਂ ਫੀਸਾਂ ਅਤੇ ਵੈਨ ਚਾਰਜ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜ ਮੈਂਬਰੀ ਕਮੇਟੀ ਬਣਾ ਕੇ ਅਤੇ ਮੈਨੇਜਮੈਂਟ ਕਮੇਟੀ ਦੇ ਨਾਲ ਤਾਲਮੇਲ ਕਰਕੇ ਇਹ ਮਾਮਲੇ ਦਾ ਹੱਲ ਕੀਤਾ ਜਾਵੇਗਾ।  ਸਕੂਲ ਵੱਲੋਂ ਕੋਈ ਵੀ ਵਾਧੂ ਫੀਸ ਨਹੀਂ ਲਈ ਜਾ ਰਹੀ ਹੈ। 

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News