ਪੱਕੇ ਮੋਰਚੇ ''ਚ ਗੂੰਜੇ ਨਾਅਰੇ, "ਦੁੱਧ ਉਤਪਾਦਕ ਹੀ ਨਹੀਂ ਹੋਣਗੇ ਤਾਂ ਦੁੱਧ ਕਿੱਥੋਂ ਆਵੇਗਾ"
Thursday, Aug 25, 2022 - 03:20 PM (IST)
ਲੁਧਿਆਣਾ (ਸਲੂਜਾ) : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਵੱਲੋਂ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਅਰਥੀ ਫੂਕ ਧਰਨੇ 'ਚ ਦੁੱਧ ਉਤਪਾਦਕਾਂ ਵੱਲੋਂ ਇਹ ਨਾਅਰੇ ਲਾਏ ਗਏ ਕਿ "ਜੇਕਰ ਦੁੱਧ ਉਤਪਾਦਕ ਹੀ ਨਹੀਂ ਰਹੇ ਤਾਂ ਦੁੱਧ ਕਿੱਥੋਂ ਆਵੇਗਾ।" ਇਸ ਦੌਰਾਨ ਵੇਰਕਾ ਮਿਲਕ ਪਲਾਂਟ ਦੇ ਗੇਟ ਅੱਗੇ ਢਾਡੀ ਸਿੰਘ ਵਾਰਾਂ ਗਾ ਕੇ ਅੰਦੋਲਨਕਾਰੀਆਂ ਦਾ ਜੋਸ਼ ਅਤੇ ਉਤਸ਼ਾਹ ਵਧਾ ਰਹੇ ਹਨ। ਦੁੱਧ ਅੰਦੋਲਨ ਦੇ ਬੈਨਰ ਹੇਠ ਸ਼ੁਰੂ ਹੋਏ ਇਸ ਅੰਦੋਲਨ 'ਚ ਕੱਲ੍ਹ ਨਾਲੋਂ ਵੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : PAU ਦੇ ਵਿਦਿਆਰਥੀਆਂ ਦਾ ਅਨੌਖਾ ਪ੍ਰਦਰਸ਼ਨ, ਪੰਜਾਬ ਸਰਕਾਰ ਨੂੰ ਜਗਾਉਣ ਲਈ ਚੁਣਿਆ ਇਹ ਰਾਹ
ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ 'ਚ ਦਿਨ-ਰਾਤ ਮੋਰਚੇ 'ਤੇ ਬੈਠੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁੱਧ ਦੇ ਰੇਟ ਤੈਅ ਕਰਨ ਦੇ ਵਾਅਦੇ ਤੋਂ ਪਿੱਛੇ ਹਟ ਕੇ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਪੰਜਾਬ ਦੀ ਖੇਤੀ ਪਹਿਲਾਂ ਹੀ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ ਅਤੇ ਜਿਹੜੇ ਲੋਕ ਡੇਅਰੀ ਫਾਰਮਿੰਗ ਦੇ ਧੰਦੇ 'ਚ ਲੱਗੇ ਹੋਏ ਹਨ ਸਰਕਾਰ ਉਨ੍ਹਾਂ ਨੂੰ ਵੀ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁੱਧ ਉਤਪਾਦਕਾਂ ਨੂੰ ਦੁੱਧ ਵੇਚ ਕੇ ਮੁਨਾਫ਼ਾ ਨਹੀਂ ਹੋਵੇਗਾ ਤਾਂ ਘਾਟੇ 'ਚ ਦੁੱਧ ਵੇਚਣ ਦਾ ਕੰਮ ਕਿਹੜਾ ਕਿਸਾਨ ਜਾਂ ਡੇਅਰੀ ਵਾਲਾ ਕਰੇਗਾ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਕਿਸਾਨ ਦਿੱਲੀ 'ਚ ਆਪਣੇ ਅੰਦੋਲਨ ਰਾਹੀਂ ਮੋਦੀ ਸਰਕਾਰ ਨੂੰ ਝੁੱਕਣ ਲਈ ਮਜਬੂਰ ਕਰ ਸਕਦੇ ਹਨ ਤਾਂ ਪੰਜਾਬ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਦੁੱਧ ਦਾ ਰੇਟ ਵਾਅਦੇ ਮੁਤਾਬਕ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ 'ਚ ਦੁੱਧ ਦਾ ਕਾਰੋਬਾਰ ਚੱਲਦਾ ਰਹੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕੋਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇਣ ਲਈ ਕੋਈ ਨੀਤੀ ਨਹੀਂ ਹੈ ਜਦਕਿ ਦੂਜੇ ਪਾਸੇ ਜਿਹੜੇ ਆਪਣਾ ਕਾਰੋਬਾਰ ਕਰ ਰਹੇ ਹਨ ਸਰਕਾਰ ਉਨ੍ਹਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ।
ਇਹ ਵੀ ਪੜ੍ਹੋ : MP ਪਰਨੀਤ ਕੌਰ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਸਰਕਾਰ ਤੋਂ ਮੰਗੇ ਇੱਕ ਹਜ਼ਾਰ ਰੁਪਏ