ਬੂਥ ਕੈਪਚਰਿੰਗ  ਦੇ ਵਿਰੋਧ ’ਚ ਥੂਹੀ ਵਿਖੇ ਲਾਇਆ ਧਰਨਾ

Thursday, Sep 20, 2018 - 06:17 AM (IST)

ਬੂਥ ਕੈਪਚਰਿੰਗ  ਦੇ ਵਿਰੋਧ ’ਚ ਥੂਹੀ ਵਿਖੇ ਲਾਇਆ ਧਰਨਾ

ਨਾਭਾ, (ਭੂਪਾ/ਪੁਰੀ)- ਨਾਭਾ ਬਲਾਕ ਦੇ ਪਿੰਡ ਥੂਹੀ ਵਿਖੇ ਵੀ ਵੋਟਾਂ ਪੈਣ ਦੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਹੀ ਕਰੀਬ 50 ਨੌਜਵਾਨਾਂ ਵੱਲੋਂ ਬੂਥ ਕੈਪਚਰਿੰਗ ਕਰਨ ਵਿਰੋਧ ’ਚ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਥੂਹੀ ਅਤੇ ਸਾਥੀਆਂ ਨੇ ਗੇਟ ਦੇ ਸਾਹਮਣੇ ਜ਼ਬਰਦਸਤ ਧਰਨਾ ਲਾ ਦਿੱਤਾ  ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ। ਇਸ ਮੌਕੇ  ਉਨ੍ਹਾਂ ਆਖਿਆ ਕਿ ਜੇਕਰ ਕਾਂਗਰਸ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਜਾਅਲੀ ਵੋਟਾਂ ਪਾਉਣ ਦੀ ਕੋਈ ਲੋਡ਼ ਨਹੀਂ ਸੀ ਪੈਣੀ। ਇਸ  ਮੌਕੇ ਵੱਡੀ ਗਿਣਤੀ ’ਚ ਪਿੰਡ ਦੇ ਲੋਕ  ਉਸ ਦੇ ਨਾਲ ਸਨ। ਉਨ੍ਹਾਂ ਕਿਹਾ ਕਿ ਸ਼ਰੇਆਮ ਕਾਂਗਰਸੀ  ਬੂਥ ’ਤੇ ਆਏ ਤੇ  ਧੱਕੇ ਨਾਲ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਆਜ਼ਾਦ ਉਮੀਦਵਾਰ ਨੇ ਦੋਸ਼ ਲਾਇਆ ਕਿ ਪੁਲਸ ਮੁਲਾਜ਼ਮ ਜੋ ਕਿ ਡਿਊਟੀ ’ਤੇ ਸਨ, ਉਨ੍ਹਾਂ ਨੇ ਵੀ ਕੁਝ ਨਹੀਂ ਕੀਤਾ। ਇਸ ਤੋਂ ਸਾਫ ਝਲਕ ਰਿਹਾ ਸੀ ਕਿ ਪੁਲਸ ਵੀ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਡਿਪਟੀ ਕਮਿਸ਼ਨਰ ਪਟਿਆਲਾ ਥੂਹੀ ’ਚ ਬਣੇ ਬੂਥ ਨੰਬਰ 91, 92 ਦੀਆਂ ਵੋਟਾਂ ਰੱਦ ਕਰਨ ਤੇ  ਪੈਰਾ-ਮਿਲਟਰੀ ਦੀ ਅਗਵਾਈ ’ਚ ਸਾਫ-ਸੁਥਰੇ ਢੰਗ ਨਾਲ ਵੋਟਾਂ ਪਵਾਈਆਂ ਜਾਣ।  
 ਪਿੰਡ ਥੂਹੀ ਦੇ ਨੌਜਵਾਨ ਕਾਂਗਰਸੀ ਆਗੂ ਇੰਦਰਜੀਤ ਸਿੰਘ ਚੀਕੂ ਨੇ ਕਿਹਾ ਕਿ ਪਿੰਡ ’ਚ ਸਾਫ-ਸੁਥਰੇ ਢੰਗ ਨਾਲ  ਹੀ ਵੋਟਿੰਗ ਹੋਈ ਹੈ।  ਦੂਜੀਆਂ ਪਾਰਟੀਆਂ ਆਪਣੀ ਹਾਰ ਨੂੰ ਦੇਖਦਿਆਂ  ਕਾਂਗਰਸ ਤੇ ਇਲਜ਼ਾਮ ਲਾ ਰਹੀਆਂ ਹਨ।


Related News