ਡੰਪ ਦਾ ਮਸਲਾ ਹੱਲ ਨਾ ਕਰਨ ’ਤੇ ਹੋਵੇਗਾ ਹੈਲਥ ਅਫਸਰ ਦੇ ਦਫਤਰ ਦਾ ਘਿਰਾਓ
Friday, Nov 23, 2018 - 06:15 AM (IST)

ਪਟਿਆਲਾ, (ਬਲਜਿੰਦਰ)- ਫੈਕਟਰੀ ਏਰੀਆ ਇਲਾਕਾ ਨਿਵਾਸੀਆਂ ਵੱਲੋਂ ਅੱਜ ਕੌਂਸਲਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਡੰਪ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਨਿਗਮ ਨੂੰ 3 ਅਲਟੀਮੇਟਮ ਦਿੰਦੇ ਹੋਏ ਐਲਾਨ ਕੀਤਾ ਕਿ ਜੇਕਰ ਡੰਪ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਸੋਮਵਾਰ ਨੂੰ ਹੈਲਥ ਅਫਸਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਸਾਬਕਾ ਕੌਂਸਲਰ ਨੇ ਕਿਹਾ ਕਿ ਇਹ ਮੁੱਦਾ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਪੂਰੇ ਇਲਾਕਾ ਨਿਵਾਸੀਆਂ ਦਾ ਹੈ। ਇਲਾਕੇ ਦੀ ਕੌਂਸਲਰ ਨੇ ਜੇਕਰ ਕੁਝ ਲੈ ਕੇ ਹੀ ਆਉਣਾ ਸੀ ਤਾਂ ਉਹ ਕੂਡ਼ਾ ਹੀ ਲੈ ਕੇ ਆਉਣਾ ਸੀ? ਪੂਰੇ ਸ਼ਹਿਰ ਵਿਚ ਵਿਕਾਸ ਦੇ ਕੰਮ ਚੱਲ ਰਹੇ ਹਨ। ਕੌਂਸਲਰ ਆਪਣੇ ਵਾਰਡਾਂ ਵਿਚ ਸਟਰੀਟ ਲਾਈਟਾਂ ਲਵਾ ਰਹੇ ਹਨ। ਸਡ਼ਕਾਂ ਬਣਵਾ ਰਹੇ ਹਨ। ਇਹ ਪਹਿਲਾ ਵਾਰਡ ਹੈ, ਜਿਥੇ ਡੰਪ ਲਿਆ ਕੇ ‘ਤਰੱਕੀ’ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਇਲਾਕੇ ਵਿਚ ਪਹਿਲਾਂ ਹੀ ਸਫਾਈ ਦੀ ਘਾਟ ਹੈ। ਉਲਟਾ ਦੂਜੇ ਵਾਰਡਾਂ ਦਾ ਕੂੁਡ਼ਾ ਲਿਆ ਕੇ ਹੁਣ ਇਥੇ ਸੁੱਟੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਬਕਾ ਕੌਂਸਲਰ ਹਰਪ੍ਰੀਤ ਕੌਰ ਨੇ ਕਿਹਾ ਕਿ ਜਿਸ ਥਾਂ ’ਤੇ ਸੁੰਦਰ ਪਾਰਕ ਬਣਾਇਆ ਜਾਣਾ ਸੀ, ਜਿਥੇ ਇਲਾਕੇ ਦੇ ਬੱਚਿਆਂ ਨੇ ਖੇਡਣਾ ਸੀ, ਉਥੇ ਕੂੁਡ਼ਾ ਇਕੱਠਾ ਕਰ ਕੇ ਇਲਾਕੇ ਦੀ ‘ਤਰੱਕੀ’ ਦੱਸੀ ਜਾ ਰਹੀ ਹੈ। ਇਸ ਇਲਾਕੇ ਵਿਚ ਕੂਡ਼ਾ ਸੁਟਵਾ ਕੇ ਉਹ ਸਦਾ ਲਈ ਆਪਣੇ ਵਾਰਡ ਨੂੰ ਗ੍ਰਹਿਣ ਨਹੀਂ ਲਵਾਉਣਾ ਚਾਹੁੰਦੇ। ਇਥੇ ਇਹ ਦੱਸਣਯੋਗ ਹੈ ਕਿ ਇਹ ਮਾਮਲਾ ਨਗਰ ਨਿਗਮ ਦੇ ਕਮਿਸ਼ਨਰ ਦਫਤਰ ਵਿਚ ਪਹੁੰਚ ਚੁੱਕਾ ਹੈ। ਨਿਗਮ ਕਮਿਸ਼ਨਰ ਵੱਲੋਂ ਇਸ ਦੀ ਜਾਂਚ ਐੈੱਸ. ਸੀ. ਐੈੱਮ. ਐੈੱਮ. ਸਿਆਲ ਨੂੰ ਸੌਂਪੀ ਹੋਈ ਹੈ। ਇਸ ਮੌਕੇ ਹੈਪੀ ਖਰੌਡ਼, ਕਰਨਬੀਰ ਸਿੰਘ ਕੰਗ, ਰਾਜਿੰਦਰਪਾਲ ਰਿੰਕੂ, ਇੰਦਰਜੀਤ ਖਾਨੀ, ਰਣਜੀਤ ਸਿੰਘ ਰਾਣਾ, ਹਰਸਿਮਰਨ ਸਿੰਘ ਮਿੱਠੀ, ਬਲਵਿੰਦਰਪਾਲ, ਕੁਲਵਿੰਦਰ ਪਾਲ, ਪ੍ਰਭਨੀਤ ਸਿੰਘ, ਅਮਰੀਕ ਸਿੰਘ ਮਠਾਰੂ, ਰਾਕੇਸ਼ ਚੋਪਡ਼ਾ, ਵਿਸ਼ਾਲਕਰਨ ਸਿੰਘ ਗੋਲੂ, ਰਾਜ ਰਾਣੀ, ਆਸ਼ਾ ਰਾਣੀ, ਬਲਜਿੰਦਰ ਕੌਰ, ਗੁਲਸ਼ਨ ਕੌਰ, ਆਸ਼ਾ ਚੋਪਡ਼ਾ, ਭਗਵੰਤ ਕੌਰ, ਬਿਮਲਾ ਕੌਰ, ਪ੍ਰਭਜੋਤ ਕੌਰ, ਰਾਜਵਿੰਦਰ ਕੌਰ, ਗੁਰਦੀਪ ਕੌਰ ਅਤੇ ਮਨਪ੍ਰੀਤ ਕੌਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।