31 ਜਨਵਰੀ ਤੱਕ ਭੱਠੇ ਬੰਦ ਰੱਖਣ ਦਾ ਐਲਾਨ

Saturday, Oct 13, 2018 - 12:27 AM (IST)

ਮੋਗਾ, (ਗੋਪੀ ਰਾਊਕੇ)- ਪੰਜਾਬ ਬ੍ਰਿਕ ਕਿਲਨ ਐਸੋਸੀਏਸ਼ਨ (ਪੰਜਾਬ ਦੇ ਭੱਠਾ ਮਾਲਕਾਂ ਵੱਲੋਂ ਐਸੋਸੀਏਸ਼ਨ) ਦੀ ਇਕ ਹੰਗਾਮੀ ਮੀਟਿੰਗ ਬੀਤੀ ਰਾਤ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਮੱਕਡ਼ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਾਜ਼ਰ ਹੋਏ ਪੰਜਾਬ ਭਰ ਦੇ ਭੱਠਾ ਮਾਲਕਾਂ ਨੇ ਪੰਜਾਬ ਸਰਕਾਰ ਪ੍ਰਤੀ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੱਠਿਆਂ ਸਬੰਧੀ ਰੋਜ ਨਵੇਂ ਫਰਮਾਨ ਜਾਰੀ ਕਰ ਕੇ ਅਤੇ ਉਨ੍ਹਾਂ ’ਚ ਰੋਜਾਨਾਂ ਨਵੇਂ ਫੇਰ ਬਦਲ ਕਰ ਕੇ ਜਾਣ ਬੁੱਝਕੇ ਭੱਠਾ ਮਾਲਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭੱਠਾ ਕਿੱਤੇ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ ਅਤੇ ਹੁਣ ਪਾਣੀ ਸਿਰ ਉੱਪਰੋਂ ਲੰਘ ਚੁੱਕਾ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਵਸਲ, ਮੁਕੇਸ਼ ਨੰਦਾ, ਸੁਰਿੰਦਰ ਸਿੰਗਲਾ, ਰਮੇਸ਼ ਮੋਹਨ ਤੋਂ ਇਲਾਵਾ ਰਵਿੰਦਰ ਗੋਇਲ ਸੀ. ਏ., ਦਵਿੰਦਰਪਾਲ ਸਿੰਘ ਰਿੰਪੀ ਤੋਂ ਇਲਾਵਾ ਵੱਡੀ ਗਿਣਤੀ ’ਚ ਭੱਠਾ ਮਾਲਕ ਹਾਜ਼ਰ ਸਨ।
 ਮੀਟਿੰਗ ਦੌਰਾਨ ਹਾਜ਼ਰ ਭੱਠਾ ਮਾਲਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਮੱਕਡ਼ ਅਤੇ ਰਵਿੰਦਰ ਗੋਇਲ ਸੀ. ਏ. ਨੇ ਦੱਸਿਆ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਭੱਠਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਭੱਠਾ ਮਾਲਕਾਂ ਨੂੰ ਭੱਠਿਆਂ ਨੂੰ ਹਾਈ ਡਰਾਫਟ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਅਤੇ ਇਸ ਫਰਮਾਨ ਨੂੰ ਲਾਗੂ ਕਰਵਾਉਣ ਤੋਂ ਬਾਅਦ ਸਰਕਾਰ ਨੇ ਭੱਠਿਆਂ ਨੂੰ ਬਿਨਾਂ ਹਾਈਡਰਾਫਟ ਕਰਵਾਏ ਚਲਾਉਣ ’ਤੇ ਪਾਬੰਦੀ ਲਾ ਦਿੱਤੀ। ਸਰਕਾਰ ਦੇ ਆਦੇਸ਼ਾਂ ਨੂੰ ਬੁਰ ਪਾਉਂਦਿਆਂ ਬਹੁਤੇ ਭੱਠਾ ਮਾਲਕਾਂ ਨੇ ਆਪਣੇ ਭੱਠੇ ਨੂੰ ਤੋਡ਼ਕੇ ਹਾਈਡਰਾਫਟ ਕਰਨ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਹੁਣ ਪੰਜਾਬ ਸਰਕਾਰ ਨੇ ਫਿਰ ਆਪਣੇ ਫੈਸਲੇ ’ਚ ਫੇਰ ਬਦਲ ਕਰਦਿਆਂ ਭੱਠਿਆਂ ਨੂੰ ਪਹਿਲਾਂ ਵਾਂਗ ਜਿਉਂ ਦੀ ਤਿਉਂ ਚਲਾਉਣ ਦਾ ਫਰਮਾਨ ਜਾਰੀ ਕਰ ਦਿੱਤਾ। ਰਵਿੰਦਰ ਗੋਇਲ ਸੀ. ਏ. ਨੇ ਕਿਹਾ ਕਿ ਪਹਿਲਾਂ ਹੀ ਹਾਈਡਰਾਫਟ ਫਰਮਾਨ ਦੇ ਚੱਕਰ ’ਚ ਭੱਠਾ ਮਾਲਕ ਅਨੇਕਾਂ ਰੁਪਏ ਖਰਚ ਕਰ ਚੁੱਕੇ ਹਨ ਅਤੇ ਹੁਣ ਸਰਕਾਰ ਨੇ ਆਪਣੇ ਫੈਸਲੇ ’ਚ ਫੇਰ ਬਦਲ ਕਰ ਕੇ ਭੱਠਾ ਮਾਲਕਾਂ ਨੂੰ ਉਲਝਾਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਦੋਹਰੀ ਨੀਤੀ ਨੂੰ ਕਦੇ ਵੀ ਕਬੂਲਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭੱਠਾ ਮਾਲਕਾਂ ’ਤੇ ਮਾਈਨਿੰਗ ਠੋਕ ਕੇ ਅਤੇ ਭੱਠਾ ਮਾਲਕਾਂ ਨੂੰ ਇਨਵਾਇਰਮੈਂਟ ਕਲੀਅਰੈਂਸ ਦੇ ਦਾਇਰੇ ’ਚ ਲਿਆਕੇ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਪਰ ਹੁਣ ਭੱਠਾ ਮਾਲਕ ਚੁੱਪ ਨਹੀਂ ਬੈਠਣਗੇ।
ਕੀ ਹਨ ਮੁੱਖ ਮੰਗਾਂ
 ਪੰਜਾਬ ਸਰਕਾਰ ਭੱਠਾ ਮਾਲਕਾਂ ਨੂੰ ਇਨਵਾਇਰਮੈਂਟ ਕਲੀਅਰੈਂਸ ਦੇ ਦਾਇਰੇ ਤੋਂ ਬਾਹਰ ਕਰੇ।
 * ਤਿੰਨ ਫੁੱਟ ਤੋਂ ਜਿਆਦਾ ਮਿੱਟੀ ਦੀ ਪੁਟਾਈ ਨਾ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਥੋਪੀ ਮਾਈਨਿੰਗ ਨੀਤੀ ਵਾਪਸ ਲਈ ਜਾਵੇ।
 * ਭੱਠਾ ਮਾਲਕਾਂ ਲਈ ਜਾਰੀ ਕੀਤੇ ਜਾਣ ਵਾਲੇ ਨਵੇਂ ਫੁਰਮਾਨ ਅਤੇ ਫੇਰ ਬਦਲ ਨੀਤੀ ਤੋਂ ਸਰਕਾਰ ਗੁਰੇਜ਼ ਕਰੇ।
ਭੱਠਾ ਮਾਲਕ ਸਰਕਾਰ ਦੀ ਦੋਹਰੀ ਨੀਤੀ ਖਿਲਾਫ ਆਵਾਜ਼ ਬੁਲੰਦ ਕਰਨਗੇ
 ਸਰਕਾਰ ਵੱਲੋਂ ਪਹਿਲਾਂ ਭੱਠੇ ਹਾਈਡਰਾਫਟ ਕਰਨ ਅਤੇ ਹੁਣ ਭੱਠੇ ਚਲਾਉਣ ’ਤੇ ਲਾਈ ਪਾਬੰਦੀ ਨੂੰ ਮੁਡ਼੍ਹ ਵਾਪਸ ਲੈਣ ਦੇ ਰੋਸ ਵੱਜੋਂ ਭੱਠਾ ਮਾਲਕਾਂ ਨੇ 31 ਜਨਵਰੀ ਤੱਕ ਭੱਠੇ ਬੰਦ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਭੱਠਾ ਮਾਲਕ ਹੁਣ ਸਰਕਾਰ ਦੀ ਦੋਹਰੀ ਨੀਤੀ ਖਿਲਾਫ ਆਵਾਜ਼ ਬੁਲੰਦ ਕਰਨਗੇ। ਪੰਜਾਬ ਪ੍ਰਧਾਨ ਕੁਲਦੀਪ ਮੱਕਡ਼ ਨੇ ਕਿਹਾ ਕਿ ਅੱਕ-ਥੱਕ ਕੇ ਭੱਠਾ ਮਾਲਕ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹੋਏ ਹਨ।
 


Related News