ਵਿਦਿਆਰਥੀਆਂ ਦੇ ਦਬਾਅ ਕਾਰਨ ਆਫਲਾਈਨ ਕਲਾਸਾਂ ਸ਼ੁਰੂ ਕਰਵਾਉਣ ਲਈ ਪ੍ਰਿੰਸੀਪਲ ਵੱਲੋਂ ਨੋਟਿਸ ਜਾਰੀ

Wednesday, Mar 02, 2022 - 04:08 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸਥਾਨਕ ਸਰਕਾਰੀ ਰਣਬੀਰ ਕਾਲਜ 'ਚ 5 ਵਿਦਿਆਰਥੀ ਜਥੇਬੰਦੀਆਂ ਵੱਲੋਂ 2 ਮਹੀਨਿਆਂ ਤੋਂ ਬੰਦ ਕੀਤੀ ਆਫਲਾਈਨ ਪੜ੍ਹਾਈ ਮੁੜ ਚਾਲੂ ਕਰਵਾਉਣ ਦੀ ਮੰਗ ਲਈ ਕਾਲਜ ਪ੍ਰਿੰਸੀਪਲ ਸੁਖਵੀਰ ਸਿੰਘ ਨੂੰ ਮੰਗ ਪੱਤਰ ਦੇਣ‌ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਇਸ ਦੀ ਭਿਣਕ ਪੈਣ 'ਤੇ ਅੱਜ 10 ਵਜੇ ਤੋਂ ਪਹਿਲਾਂ ਹੀ ਆਫਲਾਈਨ ਕਲਾਸਾਂ ਸ਼ੁਰੂ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ। ਵਿਦਿਆਰਥੀ ਜਥੇਬੰਦੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਆਗੂ ਕੋਮਲ ਖਨੌਰੀ, ਰਮਨ ਸਿੰਘ ਕਾਲਾਝਾੜ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਭਿੰਦਰ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੰਦੀਪ ਕੌਰ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਤੋਂ ਜੀਵਨਜੋਤ ਕੌਰ ਨੇ ਕਿਹਾ ਆਫਲਾਈਨ ਕਲਾਸਾਂ ਸ਼ੁਰੂ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ

ਆਨਲਾਈਨ ਪੜ੍ਹਾਈ ਦੇ ਨਾਂ 'ਤੇ ਸਰਕਾਰ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਵੀ ਕਰ ਰਹੀ ਹੈ ਅਤੇ ਇਸ ਨੂੰ ਲੁੱਟ ਦਾ ਸਾਧਨ ਵੀ ਬਣਾਇਆ ਜਾ ਰਿਹਾ ਹੈ। ਕੋਰੋਨਾ ਦੀ ਹਰ ਲਹਿਰ ਦੌਰਾਨ ਨਿਸ਼ਾਨਾ ਸਭ ਤੋਂ ਪਹਿਲਾਂ ਸਿੱਖਿਆ ਵੱਲ ਹੀ ਸੇਧਤ ਹੁੰਦਾ ਹੈ। ਮਤਲਬ ਜਦੋਂ ਵੀ ਕੋਰੋਨਾ ਦੀ ਕੋਈ ਲਹਿਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਵਿੱਦਿਅਕ ਸੰਸਥਾਵਾਂ ਹੀ ਬੰਦ ਕੀਤੀਆਂ ਜਾਂਦੀਆਂ ਹਨ, ਬਾਕੀ ਅਦਾਰੇ ਬਾਅਦ ਵਿੱਚ ਬੰਦ ਕੀਤੇ ਜਾਂਦੇ ਹਨ ਅਤੇ ਲਹਿਰ ਦਾ ਅਸਰ ਘੱਟ ਜਾਣ 'ਤੇ ਹੀ ਅਖੀਰ ਵਿੱਚ ਸਕੂਲ, ਕਾਲਜ ਖੋਲ੍ਹੇ ਜਾਂਦੇ ਹਨ। ਸਰਕਾਰ ਜਾਣਬੁੱਝ ਕੇ ਸਾਜ਼ਿਸ਼ ਤਹਿਤ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਤਰ੍ਹਾਂ ਕਰਕੇ ਉਹ ਸਿੱਖਿਆ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨਾ ਚਾਹੁੰਦੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੂੰ ਇਹੋ ਜਿਹੀਆਂ ਚਾਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਰਹਿੰਦੀਆਂ ਵਿਦਿਆਰਥੀ ਸੰਸਥਾਵਾਂ ਬਿਨਾਂ ਸ਼ਰਤ ਖੋਲ੍ਹਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ

ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵੱਲੋਂ ਨਾਜਾਇਜ਼ ਟਰਾਂਸਪੋਰਟ ਫੀਸ ਮੰਗਣ ਦਾ ਵਿਰੋਧ ਕੀਤਾ ਤੇ ਫੀਸਾਂ ਦੇ ਇਸ ਵਾਧੇ ਨੂੰ ਵਿਦਿਆਰਥੀਆਂ ਤੇ ਮਾਪਿਆਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ। ਵਿਦਿਆਰਥੀ ਜਥੇਬੰਦੀਆਂ ਨੇ ਮੰਗ ਕੀਤੀ ਕਿ ਇਹ ਫੀਸਾਂ ਵਸੂਲਣੀਆਂ ਬੰਦ ਕੀਤੀਆਂ ਜਾਣ।


Harnek Seechewal

Content Editor

Related News