ਐਕਟਿਵਾ ਚੋਰੀ ਕਰਦੇ 2 ਲਡ਼ਕਿਆਂ ਨੂੰ ਲੋਕਾਂ ਨੇ ਦਬੋਚਿਆ ਕੀਤਾ ਪੁਲਸ ਹਵਾਲੇ

Saturday, Jul 20, 2019 - 12:02 AM (IST)

ਐਕਟਿਵਾ ਚੋਰੀ ਕਰਦੇ 2 ਲਡ਼ਕਿਆਂ ਨੂੰ ਲੋਕਾਂ ਨੇ ਦਬੋਚਿਆ ਕੀਤਾ ਪੁਲਸ ਹਵਾਲੇ

ਮੋਗਾ,(ਆਜ਼ਾਦ)- ਅੱਜ ਦਿਨ-ਦਿਹਾਡ਼ੇ ਗੀਤਾ ਭਵਨ ਕੋਲ ਲੋਕਾਂ ਨੇ ਐਕਟਿਵਾ ਚੋਰੀ ਕਰਦੇ ਦੋ ਲਡ਼ਕਿਆਂ ਨੂੰ ਦਬੋਚ ਲਿਆ ਅਤੇ ਛਿੱਤਰ-ਪਰੇਡ ਕਰਨ ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਗੀਤਾ ਭਵਨ ਕੋਲ ਦੋ ਲਡ਼ਕੇ ਇਕ ਐਕਟਿਵਾ ਨੂੰ ਚੋਰੀ ਕਰਨ ਦਾ ਯਤਨ ਕਰ ਰਹੇ ਸਨ ਤਾਂ ਉਥੇ ਖਡ਼੍ਹੇ ਪ੍ਰੇਮ ਸਿੰਘ ਰਣੀਆ ਨੇ ਜਦ ਉਕਤ ਲਡ਼ਕਿਆਂ ਤੋਂ ਪੁੱਛਿਆ ਕਿ ਤੁਸੀਂ ਇਹ ਐਕਟਿਵਾ ਚੋਰੀ ਕਰ ਰਹੇ ਹੋ ਤਾਂ ਦੋਨੋਂ ਲਡ਼ਕੇ ਘਬਰਾ ਗਏ ਅਤੇ ਉਸ ਨਾਲ ਝਗਡ਼ਾ ਕਰਨ ਲੱਗੇ ਅਤੇ ਇਕ ਲਡ਼ਕੇ ਨੇ ਉਸ ’ਤੇ ਹੱਥ ਚੁੱਕਣ ਦਾ ਯਤਨ ਕੀਤਾ, ਜਿਸ ’ਤੇ ਉਸ ਨੇ ਰੌਲਾ ਪਾਇਆ ਤਾਂ ਉਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਉਕਤ ਦੋਨੋਂ ਲਡ਼ਕਿਆਂ ਨੂੰ ਦਬੋਚ ਲਿਆ ਅਤੇ ਛਿੱਤਰ-ਪਰੇਡ ਕਰਨ ਦੇ ਇਲਾਵਾ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਿਟੀ ਸਾਊਥ ਦੇ ਹੌਲਦਾਰ ਲਖਵੀਰ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਅਤੇ ਦੋਨੋਂ ਲਡ਼ਕਿਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ।

ਇਸ ਮੌਕੇ ਉਥੇ ਮੌਜੂਦ ਪ੍ਰੇਮ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਅੰਦਰ ਹੀ ਇਲਾਕੇ ’ਚੋਂ 7-8 ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ਅਤੇ ਮੇਰਾ ਮੋਟਰਸਾਈਕਲ 12 ਜੁਲਾਈ ਨੂੰ ਗੀਤਾ ਭਵਨ ਸਾਹਮਣਿਓਂ ਚੋਰੀ ਹੋਇਆ ਸੀ, ਜਦ ਮੈਂ ਚੋਰਾਂ ਦੀ ਪਛਾਣ ਕਰਨ ਲਈ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਤਾਂ ਉਕਤ ਦੋਨੋਂ ਲਡ਼ਕੇ ਸਾਫ-ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਅੱਜ ਐਕਟਿਵਾ ਚੋਰੀ ਕਰਨ ਦਾ ਯਤਨ ਕੀਤਾ। ਜਦ ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਲੜਕਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਪੁੱਛਗਿੱਛ ਜਾਰੀ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਨੋਂ ਲਡ਼ਕੇ ਆਪਣੇ ਆਪ ਨੂੰ ਪਿੰਡ ਕਿਸ਼ਨਪੁਰਾ ਦੇ ਨਿਵਾਸੀ ਦੱਸ ਰਹੇ ਹਨ।


author

Bharat Thapa

Content Editor

Related News