ਫ਼ੋਨ ’ਤੇ ਧਮਕੀ ਭਰੇ ਮੈਸੇਜ ਭੇਜ ਫਿਰੌਤੀਆਂ ਮੰਗਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

08/18/2022 4:50:08 PM

ਫਿਰੋਜ਼ਪੁਰ (ਕੁਮਾਰ) : ਮੋਬਾਇਲ ਫ਼ੋਨ ’ਤੇ ਫ਼ੋਨ ਕਰਕੇ ਅਤੇ ਧਮਕੀ ਭਰੇ ਮੈਸੇਜ ਭੇਜ ਕੇ ਫਿਰੌਤੀ ਮੰਗਣ ਵਾਲੇ 4 ਮੁਲਜ਼ਮਾਂ ਨੂੰ ਫਿਰੋਜ਼ਪੁਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 7 ਮੋਬਾਇਲ ਫ਼ੋਨ, ਸਿਮ ਕਾਰਡ ਅਤੇ ਮੋਟਰਸਾਈਕਲ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਫਿਰੋਜ਼ਪੁਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਨੇਰ ਨੇ ਥਾਣਾ ਜ਼ੀਰਾ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ 6 ਅਗਸਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਫ਼ੋਨ ’ਤੇ 5 ਲੱਖ ਦੀ ਫਿਰੌਤੀ ਮੰਗੀ ਅਤੇ ਫਿਰੌਤੀ ਨਾ ਦੇਣ ’ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਇਸ ਸਬੰਧੀ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਡੀ.ਐੱਸ.ਪੀ.ਪਲਵਿੰਦਰ ਸਿੰਘ ਅਤੇ ਇੰਸਪੈਕਟਰ ਬਚਨ ਸਿੰਘ ਦੀ ਅਗਵਾਈ ਹੇਠ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਕਨੀਕੀ ਸਾਧਨਾਂ ਅਤੇ ਆਪਣੇ ਸੂਤਰਾਂ ਦੀ ਮਦਦ ਨਾਲ ਮਨਜੀਤ ਸਿੰਘ ਨਾਂ ਦੇ ਵਿਅਕਤੀ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰਾਂ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ, ਹਰਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਹੁਸਨਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਸਨੇਰ ਨੂੰ ਮੋਟਰਸਾਈਕਲ ’ਤੇ ਆਉਂਦੇ ਕਾਬੂ ਕਰ ਲਿਆ ਗਿਆ, ਜਿਨ੍ਹਾਂ ਕੋਲੋਂ ਪੁਲਸ ਨੇ 6 ਮੋਬਾਇਲ ਫ਼ੋਨ, ਇਕ ਸਿਮ ਕਾਰਡ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਉਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari

ਐੱਸ.ਐੱਸ.ਪੀ ਲਾਂਬਾ ਨੇ ਦੱਸਿਆ ਕਿ ਇਸੇ ਤਰ੍ਹਾਂ 17 ਅਗਸਤ 2022 ਨੂੰ ਬੂਟਾ ਰਾਮ ਪੁੱਤਰ ਧੰਨਾ ਮੱਲਾ ਵਾਸੀ ਵਾਰਡ ਨੰਬਰ 5 ਨਵੀਂ ਆਬਾਦੀ ਤਲਵੰਡੀ ਭਾਈ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਪੋਤਰੇ ਰਾਜਦੀਪ ਅਰੋੜਾ ਪੁੱਤਰ ਪੁਸ਼ਪਿੰਦਰ ਸਿੰਘ ਨੂੰ ਜਸਕਰਨ ਸਿੰਘ ਨਾਮ ਤੋਂ ਬਣੀ ਇੰਸਟਾਗ੍ਰਾਮ ਆਈਡੀ ਤੋਂ ਧਮਕੀ ਭਰੇ ਮੈਸੇਜ ਭੇਜੇ ਆ ਰਹੇ ਹਨ ਅਤੇ ਉਨ੍ਹਾਂ ਤੋਂ 35 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਬੂਟਾ ਰਾਮ ਦੇ ਪੋਤੇ ਦੇ ਵਿਆਹ ਦੀਆਂ ਖੁਸ਼ੀਆਂ ਨੂੰ ਗਮ ’ਚ ਬਦਲ ਦਿੱਤਾ ਜਾਵੇਗਾ ਅਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਇਸ ਸੂਚਨਾ ਦੇ ਆਧਾਰ ’ਤੇ ਥਾਣਾ ਤਲਵੰਡੀ ਭਾਈ ਦੀ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਇਸ ਮਾਮਲੇ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਥਾਣਾ ਤਲਵੰਡੀ ਭਾਈ ਦੇ ਐੱਸ.ਐੱਚ.ਓ ਇੰਸਪੈਕਟਰ ਜਤਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਸੂਤਰਾਂ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਫਿਰੌਤੀ ਮੰਗਲ ਵਾਲੇ ਗਿਰੋਹ ਦੇ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਚਮਕੌਰ ਸਿੰਘ ਵਾਸੀ ਢਿੱਲੋਂ ਕਲੋਨੀ ਤਲਵੰਡੀ ਭਾਈ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਇੱਕ ਮੋਬਾਇਲ ਫ਼ੋਨ ਬਰਾਮਦ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਵਿਅਕਤੀ ਨੂੰ ਅਜਿਹਾ ਕੋਈ ਫਿਰੌਤੀ ਮੰਗਣ ਵਾਲਾ ਫੋਨ ਜਾਂ ਧਮਕੀਆਂ ਭਰੇ ਮੈਸੇਜ ਆਉਂਦੇ ਹਨ ਤਾਂ ਉਹ ਤੁਰੰਤ ਅਜਿਹੀਆਂ ਗੱਲਾਂ ਪੁਲਿਸ ਦੇ ਨੋਟਿਸ ਵਿੱਚ ਲਿਆਉਣ ਅਤੇ ਅਜਿਹੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।


Manoj

Content Editor

Related News