ਲੋਕਾਂ ਦੀ ਚੰਗੀ ਸਿਹਤ ਅਤੇ ਉਨ੍ਹਾਂ ਦੀ ਰਾਖੀ ਲਈ ਪੁਲਸ 24 ਘੰਟੇ ਸੜਕਾਂ ਤੇ ਕਰ ਰਹੀ ਹੈ ਗਸ਼ਤ: ਡੀ.ਐੱਸ.ਪੀ
Thursday, Apr 02, 2020 - 12:20 PM (IST)

ਮਾਨਸਾ (ਮਿੱਤਲ): ਸੀਨੀਅਰ ਪੁਲਸ ਕਪਤਾਨ ਮਾਨਸਾ ਦੀ ਅਗਵਾਈ 'ਚ ਸਖਤੀ ਨਾਲ ਕਰਫਿਊ ਜਾਰੀ ਹੈ। ਵੀਰਵਾਰ ਨੂੰ ਵੀ ਪੁਲਸ ਨੇ ਡੀ.ਐੱਸ.ਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਸ਼ਹਿਰ ਦਾ ਦੌਰਾ ਕਰਕੇ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ ਅਤੇ ਬਿਨਾਂ ਮਤਲਬ ਤੋਂ ਘੁੰਮਣ ਵਾਲੇ ਵਿਅਕਤੀਆਂ ਨੂੰ ਸਾਵਧਾਨ ਕੀਤਾ ਕਿ ਉਹ ਅੱਗੇ ਤੋਂ ਘਰਾਂ ਵਿੱਚ ਬੈਠ ਕੇ ਹੀ ਇਸ ਬੀਮਾਰੀ ਤੋਂ ਆਪਣਾ ਬਚਾ ਕਰਨ।
ਡੀ.ਐੱਸ.ਪੀ ਨੇ ਕਿਹਾ ਕਿ ਕੋਰੋਨਾ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ। ਜੇਕਰ ਅਸੀਂ ਸਮੇਂ ਦੀ ਸਥਿਤੀ ਨੂੰ ਨਾ ਸੰਭਾਲਿਆ ਤਾਂ ਸਾਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਲਗਾਤਾਰ ਡਿਊਟੀ ਕਰਕੇ ਲੋਕਾਂ ਦੀ ਸਿਹਤਯਾਬੀ ਲਈ ਹੀ ਸੜਕਾਂ ਤੇ ਪਹਿਰਾ ਦੇ ਕੇ ਘੁੰਮ ਰਹੀ ਹੈ ਤਾਂ ਕਿ ਕਿਸੇ ਵੀ ਪਾਸੇ ਲੋਕਾਂ ਦੀ ਭੀੜ ਜਮ੍ਹਾ ਨਾ ਹੋਵੇ ਅਤੇ ਇਹ ਵਾਇਰਸ ਸਾਡੇ ਅੰਦਰ ਪ੍ਰਵੇਸ਼ ਨਾ ਕਰ ਸਕੇ।ਇਸ ਮੌਕੇ ਸਿਟੀ-1 ਮਾਨਸਾ ਦੇ ਥਾਣਾ ਮੁਖੀ ਸੁਖਜੀਤ ਸਿੰਘ, ਸਿਟੀ-2 ਥਾਣਾ ਦੇ ਮੁਖੀ ਹਰਦਿਆਲ ਦਾਸ, ਥਾਣਾ ਸਦਰ ਦੇ ਮੁਖੀ ਬਲਵਿੰਦਰ ਸਿੰਘ, ਠੂਠਿਆਂਵਾਲੀ ਚੌਂਕੀ ਦੇ ਇੰਚਾਰਜ ਗੁਰਮੇਲ ਸਿੰਘ, ਨਰਿੰਦਰਪੁਰਾ ਚੌਂਕੀ ਦੇ ਇੰਚਾਰਜ ਅੰਗਰੇਜ਼ ਸਿੰਘ ਤੋਂ ਇਲਾਵਾ ਮਹਿਲਾ ਪੁਲਸ ਵੀ ਫਲੈਗ ਮਾਰਚ ਦੌਰਾਨ ਮੌਜੂਦ ਸਨ।