ਦਿਲ ਦਾ ਦੌਰਾ ਪੈਣ ਨਾਲ ਰੇਹੜੀ ਲਾਉਣ ਵਾਲੇ ਦੀ ਮੌਤ

05/22/2020 12:44:24 AM

ਬਠਿੰਡਾ, (ਜ.ਬ.)— ਕੋਰੋਨਾ ਵਾਇਰਸ ਕਾਰਨ ਲਾਏ ਗਏ ਕਰਫਿਊ ਦੇ ਹਟਣ ਤੋਂ ਬਾਅਦ ਕੰਮ 'ਤੇ ਪਰਤੇ ਇਕ ਛੋਲੇ-ਭਟੂਰੇ ਅਤੇ ਚਾਹ ਦਾ ਅੱਡਾ ਲਾਉਣ ਵਾਲੇ ਵਿਅਕਤੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਜੋ ਉਸਦੀ ਮੌਤ ਦਾ ਕਾਰਨ ਬਣ ਗਿਆ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੂਲ ਰੂਪ ਨਾਲ ਅਬੋਹਰ ਵਾਸੀ ਵਿਨੋਦ ਕੁਮਾਰ (45) ਬਠਿੰਡਾ ਦੀ ਮੱਛੀ ਮਾਰਕਿਟ ਨਜ਼ਦੀਕ ਪਾਰਕਿੰਗ 'ਚ ਛੋਲੇ-ਭਟੂਰੇ ਦੀ ਰੇਹੜੀ ਲਾਈ ਸੀ, ਜਦਕਿ ਉਸਦਾ ਪਰਿਵਾਰ ਅਬੋਹਰ 'ਚ ਹੀ ਰਹਿੰਦਾ ਸੀ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਵਿਨੋਦ ਪਰਿਵਾਰ ਕੋਲ ਅਬੋਹਰ ਚਲਾ ਗਿਆ। ਹੁਣ ਕਰਫਿਊ ਖੁੱਲ੍ਹਣ ਤੋਂ ਬਾਅਦ ਉਹ ਬਠਿੰਡਾ ਮੁੜਿਆ ਤੇ ਚਾਹ ਦਾ ਅੱਡਾ ਲਾਉਣ ਦੀ ਸੋਚ ਰਿਹਾ ਸੀ। ਉਸਨੇ ਸਾਮਾਨ ਆਦਿ ਵੀ ਖਰੀਦ ਲਿਆ ਪਰ ਉਸਤੋਂ ਪਹਿਲਾਂ ਹੀ ਉਸਨੂੰ ਮੌਤ ਨੇ ਘੇਰਾ ਪਾ ਲਿਆ। ਵੀਰਵਾਰ ਨੂੰ ਅਚਾਨਕ ਕੰਮ ਦੌਰਾਨ ਹੀ ਉੁਹ ਹੇਠਾਂ ਡਿੱਗ ਕੇ ਬੇਸੁੱਧ ਹੋ ਗਿਆ ਅਤੇ ਉਥੇ ਹੀ ਉਸਨੇ ਦਮ ਤੋੜ ਦਿੱਤਾ। ਥਾਣਾ ਕੋਤਵਾਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ ਜਦਕਿ ਜਾਂਚ ਤੋਂ ਬਾਅਦ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਜ਼ਰੂਰੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।


KamalJeet Singh

Content Editor

Related News