4 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ

07/17/2019 2:19:24 AM

ਜ਼ੀਰਾ/ਸ੍ਰੀ ਮੁਕਤਸਰ ਸਾਹਿਬ, (ਅਕਾਲੀਆਂਵਾਲਾ, ਜ.ਬ., ਖੁਰਾਣਾ)- ਵਿਜੀਲੈਂਸ ਟੀਮ ਫਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ ’ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ ਰਾਜੂ ਨੂੰ ਇਕ ਕਿਸਾਨ ਤੋਂ 4 ਹਜ਼ਾਰ ਰੁਪਏ ਕਥਿਤ ਰੂਪ ’ਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਟੀਮ ਦੇ ਇੰਚਾਰਜ ਇੰਸਪੈਕਟਰ ਸੱਤ ਪ੍ਰੇਮ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਠੱਠਾ ਕਿਸ਼ਨ ਸਿੰਘ ਵਾਲਾ ਕਿਸਾਨ ਨੇ ਜਮ੍ਹਾਬੰਦੀ ਅਤੇ ਹੋਰ ਕਾਗਜ਼ ਠੀਕ ਕਰਵਾਉਣੇ ਸਨ ਅਤੇ ਜ਼ਮੀਨ ਦੀ ਗਿਰਦਾਵਰੀ ਪਿਤਾ ਦੇ ਨਾਂ ਤੋਂ ਬਦਲ ਕੇ ਬੂਟਾ ਸਿੰਘ ਦੇ ਨਾਂ ਕਰਨੀ ਸੀ। ਉਸ ਕੰਮ ਨੂੰ ਕਰਨ ਬਦਲੇ ਪਟਵਾਰੀ ਰਾਜਿੰਦਰ ਸਿੰਘ ਉਰਫ ਰਾਜੂ ਨੇ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਤਾਂ ਇਸ ਸਬੰਧੀ ਉਸ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਦੇ ਆਧਾਰ ’ਤੇ ਅੱਜ ਫਰਦ ਕੇਂਦਰ ਜ਼ੀਰਾ ਵਿਚ ਪਟਵਾਰੀ ਰਾਜੂ ਨੂੰ ਉਕਤ ਕਿਸਾਨ ਤੋਂ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਸਾਡੀ ਟੀਮ ਵਿਚ ਸਰਕਾਰੀ ਗਵਾਹ ਵਜੋਂ ਸਿੰਚਾਈ ਵਿਭਾਗ ਫਿਰੋਜ਼ਪੁਰ ਦੇ ਐੱਸ. ਡੀ. ਓ. ਗੁਰਜਿੰਦਰ ਸਿੰਘ ਅਤੇ ਵਾਟਰ ਸਪਲਾਈ ਵਿਭਾਗ ਫਿਰੋਜ਼ਪੁਰ ਦੇ ਜਗਦੀਸ਼ ਵਿਨਾਇਕ ਵੀ ਸ਼ਾਮਲ ਸਨ, ਜਿਨ੍ਹਾਂ ਦੀ ਹਾਜ਼ਰੀ ਵਿਚ ਉਕਤ ਪਟਵਾਰੀ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਮੌਕੇ ਵਿਜੀਲੈਂਸ ਦੀ ਟੀਮ ’ਚ ਇੰਸਪੈਕਟਰ ਸੱਤ ਪ੍ਰੇਮ ਸਿੰਘ ਤੋਂ ਇਲਾਵਾ ਅਮਨਦੀਪ ਸਿੰਘ ਹੈੱਡ ਕਾਂਸਟੇਬਲ, ਚਰਨ ਸਿੰਘ ਹੌਲਦਾਰ, ਦਵਿੰਦਰ ਸਿੰਘ ਹੌਲਦਾਰ, ਚਰਨਜੀਤ ਸਿੰਘ ਹੌਲਦਾਰ ਉਚੇਚੇ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਟੀਮ ਦੇ ਮੁਖੀ ਇੰਸਪੈਕਟਰ ਸੱਤ ਪ੍ਰੇਮ ਸਿੰਘ ਨੇ ਦੱਸਿਆ ਕਿ ਉਕਤ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।


Bharat Thapa

Content Editor

Related News