ਪਟਵਾਰੀ ਦਾ ਕਰਿੰਦਾ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਵੱਲੋਂ ਕਾਬੂ
Tuesday, Apr 05, 2022 - 06:20 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਵਿਜੀਲੈਂਸ ਬਿਊਰੋ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਇਕ ਪਟਵਾਰੀ ਦੇ ਕਰਿੰਦੇ ਨੂੰ 1 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ’ਤੇ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਲਖਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਾਜ਼ਿਲਕਾ ਦੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਗੁਰਿੰਦਰਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਟੀਮ ਨੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਹੈ। ਡੀ.ਐੱਸ.ਪੀ. ਗੁਰਿੰਦਰਜੀਤ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸ਼ੋਕ ਕੁਮਾਰ ਵਾਸੀ ਜਲਾਲਾਬਾਦ ਨੇ ਇਸ ਸਬੰਧੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ 9501200200 ’ਤੇ ਪਟਵਾਰੀ ਦੇ ਕਰਿੰਦੇ ਦੀ ਰਿਸ਼ਵਤ ਲੈਣ ਦੀ ਵੀਡੀਓ ਬਣਾ ਕੇ ਭੇਜੀ ਸੀ।
ਇਸ ਸਬੰਧ ’ਚ ਵਿਜੀਲੈਂਸ ਨੇ ਜਾਂਚ ਉਪਰੰਤ ਸਤਨਾਮ ਚੰਦ ਦੇ ਬਿਆਨਾਂ ’ਤੇ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 1 ਮਿਤੀ 5 ਅਪ੍ਰੈਲ 2022 ਅਧੀਨ ਧਾਰਾ 7ਏ, ਪੀ.ਸੀ. ਐਕਟ ਅਮੈਂਡਿਡ ਐਕਟ 2018 ਤਹਿਤ ਦਰਜ ਕਰ ਕੇ ਦੋਸ਼ੀ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੇ 2018 ’ਚ 5 ਸਰਸਾਈਆਂ ਜ਼ਮੀਨ ਖਰੀਦੀ ਸੀ, ਜਿਸ ਦੇ ਇੰਤਕਾਲ ਲਈ ਪਟਵਾਰੀ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਉਸ ਨੇ ਆਪਣੇ ਭਤੀਜੇ ਅਸ਼ੋਕ ਕੁਮਾਰ ਨਾਲ ਜਾਣਕਾਰੀ ਸਾਂਝੀ ਕੀਤੀ, ਜਿਸ ਨੇ ਉਸ ਨੂੰ ਜਾਗਰੂਕ ਕੀਤਾ ਅਤੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸ਼ੁਰੂ ਕੀਤੇ ਉਪਰਾਲੇ ਦੀ ਜਾਣਕਾਰੀ ਦਿੱਤੀ।
ਉਸ ਨੇ ਪਟਵਾਰੀ ਦੇ ਦਫ਼ਤਰ ਵਿਚ ਜਾ ਕੇ ਇੰਤਕਾਲ ਦੀ ਅਰਜ਼ੀ ਦਿੱਤੀ ਅਤੇ ਨਾਲ ਹੀ ਕਰਿੰਦੇ ਨੇ 1000 ਰੁਪਏ ਲਏ, ਜਿਸ ’ਤੇ ਅਸ਼ੋਕ ਕੁਮਾਰ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਨੇ ਉਨ੍ਹਾਂ ਨੋਟਾਂ ਦੀ ਕਰਿੰਦੇ ਤੋਂ ਬਰਾਮਦਗੀ ਦੀ ਵੀਡੀਓ ਬਣਾ ਕੇ ਐਕਸ਼ਨ ਲਾਈਨ ’ਤੇ ਭੇਜੀ। ਜਿਥੋਂ ਇਹ ਮਾਮਲਾ ਜਾਂਚ ਲਈ ਵਿਜੀਲੈਂਸ ਬਿਊਰੋ ਫਾਜ਼ਿਲਕਾ ਦਫ਼ਤਰ ਨੂੰ ਪ੍ਰਾਪਤ ਹੋਇਆ ਅਤੇ ਜਾਂਚ ਤੋਂ ਬਾਅਦ ਕਰਿੰਦੇ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੂਜੇ ਪਾਸੇ ਐੱਸ.ਐੱਸ.ਪੀ. ਵਿਜੀਲੈਂਸ ਲਖਵੀਰ ਸਿੰਘ ਤੇ ਡੀ.ਐੱਸ.ਪੀ. ਗੁਰਿੰਦਰਜੀਤ ਸਿੰਘ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਕਿਤੇ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਦੀ ਮੰਗ ਕਰੇ, ਉਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿਓ ਤਾਂ ਜੋ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।