ਲਾਰਿਆਂ ਦੀ ਪੰਡ ਫੂਕ ਮੁਲਾਜ਼ਮਾਂ ਕੀਤਾ ਚੰਨੀ ਸਰਕਾਰ ਦਾ ਪਿੱਟ ਸਿਆਪਾ

Thursday, Jan 13, 2022 - 03:50 PM (IST)

ਲਾਰਿਆਂ ਦੀ ਪੰਡ ਫੂਕ ਮੁਲਾਜ਼ਮਾਂ ਕੀਤਾ ਚੰਨੀ ਸਰਕਾਰ ਦਾ ਪਿੱਟ ਸਿਆਪਾ

ਭਵਾਨੀਗੜ੍ਹ (ਵਿਕਾਸ) : ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਇੱਥੇ ਬੀ.ਪੀ.ਈ.ਓ. ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦਿਆਂ ਆਪਣਾ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਰਘਵੀਰ ਸਿੰਘ ਭਵਾਨੀਗੜ੍ਹ, ਕਰਮਜੀਤ ਨਦਾਮਪੁਰ, ਅਮਨ ਵਿਸ਼ਿਸ਼ਟ, ਸੁਖਦੇਵ ਬਾਲਦ, ਹਰਵਿੰਦਰ ਸਿੰਘ ਤੇ ਬਲਦੇਵ ਸਿੰਘ ਆਦਿ ਮੁਲਜ਼ਮ ਆਗੂਆਂ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤੇ ਬਿਨਾਂ 36 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਝੂਠੇ ਇਸ਼ਤਿਹਾਰ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

ਇਹ ਵੀ ਪੜ੍ਹੋ : ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ 'ਤੇ ਵਾਪਰੀ ਘਟਨਾ, ਗੰਨ ਪੁਆਇੰਟ 'ਤੇ ਨਕਦੀ ਤੇ ਫੋਨ ਲੁੱਟ ਦੌੜੇ ਲੁਟੇਰੇ

ਉਨ੍ਹਾਂ ਕਿਹਾ  ਕਿ ਸਿੱਖਿਆ ਵਿਭਾਗ ਵਿੱਚ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ, ਵਲੰਟੀਅਰਾਂ ਅਤੇ ਦਫ਼ਤਰੀ ਨਾਨ ਟੀਚਿੰਗ ਕਰਮਚਾਰੀਆਂ ਦਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵਾਂਗ ਇਸ ਸਰਕਾਰ ਵੱਲੋਂ ਵੀ ਲਾਰਿਆਂ ਨਾਲ ਹੀ ਬੁੱਤਾ ਸਾਰਿਆ ਗਿਆ ਤੇ ਹੋਰ ਮੰਗ ਨੂੰ ਨਾ ਮੰਨ ਕੇ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਹਿੱਤਾਂ ਦਾ ਘਾਣ ਕੀਤਾ ਗਿਆ ਹੈ। ਇਸ ਖ਼ਿਲਾਫ਼ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਚੰਨੀ ਸਰਕਾਰ ਨੂੰ ਸਬਕ ਸਿਖਾਉਣ ਲਈ 16 ਜਨਵਰੀ ਨੂੰ ਹਰ ਤਰਾਂ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਜਥੇਬੰਦੀਆਂ ਤੇ ਫੈਡਰੇਸ਼ਨਾਂ ਵੱਲੋਂ ਜਲੰਧਰ ਵਿਖੇ ਕਨਵੈਨਸ਼ਨ ਕਰਕੇ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਘੇਰਨ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਮਨਪ੍ਰੀਤ ਕੌਰ, ਲਖਵੀਰ ਕੌਰ, ਦਵਿੰਦਰ ਕੁਮਾਰ, ਧਰਮਿੰਦਰ ਪਾਲ ਆਦਿ ਵੀ ਹਾਜ਼ਰ ਸਨ।

ਨੋਟ: ਇਸ ਖ਼ਬਰ  ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Anuradha

Content Editor

Related News