ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਅਣਪਛਾਤੇ 13 ਲੋਕਾਂ ਦੇ ਖਿਲਾਫ ਮਾਮਲੇ ਦਰਜ

09/17/2021 3:17:08 PM

ਫ਼ਿਰੋਜ਼ਪੁਰ (ਕੁਮਾਰ): ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖਣ ਅਤੇ ਅਫੀਮ, ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਗੰਭੀਰ ਦੋਸ਼ਾਂ ਤਹਿਤ, ਸਦਰ ਫ਼ਿਰੋਜ਼ਪੁਰ ਥਾਣੇ ਦੀ ਪੁਲਸ ਨੇ 6 ਅਣਪਛਾਤੇ ਲੋਕਾਂ ਸਮੇਤ ਕੁੱਲ 13 ਲੋਕਾਂ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਪਿੰਡ ਬਾਰੇ ਕੇ ਦੇ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗੁਰਮੀਤ ਵਾਸੀ ਪਿੰਡ ਚਾਂਦੀਵਾਲਾ, ਹਰਮੇਸ਼ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਝੁੱਗੇ ਕਿਸ਼ੋਰ ਸਿੰਘ ਵਾਲਾ, ਜਸਵੰਤ ਸਿੰਘ ਉਰਫ਼ ਛਿੰਦਾ ਪੁੱਤਰ ਜੀਵਨ ਸਿੰਘ ਵਾਸੀ ਝੁੱਗੇ ਨਿਹੰਗਾ ਵਾਲੇ, ਅਮਰਜੀਤ ਸਿੰਘ ਉਰਫ਼ ਬਿੱਟੂ ਪੁੱਤਰ ਨੱਥਾ ਸਿੰਘ ਵਾਸੀ ਪਿੰਡ ਨਿਹਾਲਾ ਕਿਲਚਾ, ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਰਣਜੀਤ ਸਿੰਘ ਵਾਸੀ ਨਿਹਾਲਾ ਕਿਲਚਾ, ਜਸਵੀਰ ਸਿੰਘ ਉਰਫ਼ ਗੱਗੂ ਪੁੱਤਰ ਫੁੰਮਣ ਸਿੰਘ ਵਾਸੀ ਮਹਾਲਮ, ਹਨੂ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਦਰੋਗਾ ਜ਼ਿਲ੍ਹਾ ਫਾਜ਼ਿਲਕਾ ਅਤੇ 5-6 ਅਣਪਛਾਤੇ ਵਿਅਕਤੀ ਭਾਰਤ-ਪਾਕਿ ਸਰਹੱਦ ਦੇ ਨੇੜੇ ਰਹਿੰਦੇ ਹਨ, ਜਿਨ੍ਹਾਂ ਦੀ ਰਿਹਾਇਸ਼ ਸਰਹੱਦ ’ਤੇ ਹੋਣ ਕਾਰਨ ਇਨ੍ਹਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ। ਗੁਪਤ ਸੂਚਨਾ ਦੇ ਅਨੁਸਾਰ ਜੇਕਰ ਇਨ੍ਹਾਂ ਨਾਮੀ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਉਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਹਥਿਆਰ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਮਾਮਲਾ ਦਰਜ ਕਰਦੇ ਨਾਮਜ਼ਦ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News