ਬਿਊਟੀ ਪਾਰਲਰ ’ਚ ਕੰਮ ਕਰਨ ਵਾਲੀ 2 ਬੱਚਿਆਂ ਦੀ ਮਾਂ ਨਾਲ ਮਾਲਕ ਨੇ ਕੀਤੀ ਛੇਡ਼ਛਾਡ਼
Monday, Nov 19, 2018 - 05:41 AM (IST)

ਲੁਧਿਆਣਾ, (ਰਿਸ਼ੀ)- ਕੁਲਦੀਪ ਨਗਰ, ਬਸਤੀ ਜੋਧੇਵਾਲ ਸਥਿਤ ਬਿਊਟੀ ਸੈਂਟਰ ’ਚ ਕੰਮ ਕਰਨ ਵਾਲੀ 2 ਬੱਚਿਆਂ ਦੀ ਮਾਂ ਨਾਲ ਸੈਂਟਰ ਮਾਲਕ ਨੇ ਛੇਡ਼ਛਾਡ਼ ਕੀਤੀ। ਔਰਤ ਨੇ ਪਹਿਲਾਂ ਤਾਂ ਘਬਰਾ ਕੇ ਪਤੀ ਨੂੰ ਕੋਈ ਗੱਲ ਨਾ ਦੱਸੀ ਪਰ ਜਦ ਮਾਲਕ ਦੀਆਂ ਅਸ਼ਲੀਲ ਹਰਕਤਾਂ ਜ਼ਿਆਦਾ ਵਧ ਗਈਆਂ ਤਾਂ ਤੰਗ ਆ ਕੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਜੋੜੇ ਨੇ ਇਨਸਾਫ ਲਈ ਥਾਣਾ ਦਰੇਸੀ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਪਰ ਦੂਜੇ ਧਿਰ ਦੀ ਉੱਚੀ ਪਹੁੰਚ ਕਾਰਨ 15 ਦਿਨਾਂ ਤੱਕ ਕੋਈ ਸੁਣਵਾਈ ਨਾ ਹੋਈ। ਆਖਰ ਪੀਡ਼ਤਾ ਨੇ ਉੱਚ ਅਧਿਕਾਰੀਆਂ ਦਾ ਦਰਵਾਜ਼ਾ ਖਡ਼ਕਾਇਆ, ਜਿਸ ਤੋਂ ਬਾਅਦ ਥਾਣਾ ਪੁਲਸ ਨੇ ਐੱਫ. ਆਈ. ਆਰ. ਤਾਂ ਦਰਜ ਕਰ ਲਈ ਪਰ ਹੁਣ 15 ਦਿਨ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ ’ਤੇ ਉਨ੍ਹਾਂ ਨੂੰ ਇਨਸਾਫ ਲਈ ਭਟਕਣਾ ਹੀ ਪੈ ਰਿਹਾ ਹੈ, ਜੋ ਪੁਲਸ ਦੀ ਕਾਰਜਪ੍ਰਣਾਲੀ ਨੂੰ ਸ਼ੱਕ ਦੇ ਘੇਰੇ ’ਚ ਲਿਆਉਂਦਾ ਹੈ।
‘ਜਗ ਬਾਣੀ’ ਦਫਤਰ ਪੁੱਜੇ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਹੈਪੀ ਬਿਊਟੀ ਸੈਂਟਰ ’ਤੇ 3 ਮਹੀਨੇ ਪਹਿਲਾਂ ਨੌਕਰੀ ’ਤੇ ਲੱਗੀ ਸੀ। ਕੁੱਝ ਸਮੇਂ ਬਾਅਦ ਹੀ ਦੁਕਾਨ ਮਾਲਕ ਉਸ ’ਤੇ ਗੰਦੀ ਨਜ਼ਰ ਰੱਖਣ ਲੱਗ ਪਿਆ। ਉਨ੍ਹਾਂ ਦਾ ਦੋਸ਼ ਹੈ ਕਿ ਜਦ ਵੀ ਉਸ ਦੀ ਪਤਨੀ ਦੁਕਾਨ ’ਚ ਇਕੱਲੀ ਹੁੰਦੀ ਤਾਂ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ, ਪਹਿਲਾਂ ਤਾਂ ਉਸ ਨੇ ਕਿਸੇ ਨੂੰ ਕੁੱਝ ਦੱਸਿਆ ਨਹੀਂ ਪਰ ਜਦ ਦੁਕਾਨ ਮਾਲਕ ਉਸ ’ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਉਣ ਲੱਗ ਪਿਆ ਤਾਂ ਉਸ ਨੇ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਦੂਜੀ ਧਿਰ ਦੀ ਉੱਚੀ ਪਹੁੰਚ ਕਾਰਨ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ। ਪੀਡ਼ਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਵਲੋਂ ਸਿਰਫ ਖਾਨਾਪੂਰਤੀ ਕੀਤੀ ਗਈ ਹੈ ਅਤੇ ਨਾਮਜ਼ਦ ਮਾਲਕ ਦੁਕਾਨ ’ਤੇ ਅਾਰਾਮ ਨਾਲ ਬੈਠਾ ਹੈ। ਉਥੇ ਪੁਲਸ ਨੇ ਉਨ੍ਹਾਂ ’ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇੰਸ. ਰਾਜਵੰਤ ਸਿੰਘ ਅਨੁਸਾਰ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ।