ਦੂਜੇ ਦਿਨ ਵੀ ਯੂਨੀਅਨ ਨੇ ਓਰਬਿਟ ਬੱਸਾਂ ਨੂੰ ਰੋਕ ਕੇ ਸਵਾਰੀਆਂ ਨੂੰ ਉਤਾਰਿਆ

12/14/2018 6:09:19 AM

 ਲੁਧਿਆਣਾ, (ਜ. ਬ.)- ਪੰਜਾਬ ਰੋਡਵੇਜ਼ ਕੰਟ੍ਰੈਕਟ ਵਰਕਰ ਯੂਨੀਅਨ ਦੇ ਕੰਡਕਟਰ ਨਾਲ ਨਿੱਜੀ ਬੱਸ ਦੇ ਕਰਿੰਦਿਆਂ ਵੱਲੋਂ ਕੀਤੀ ਗਈ ਕੁੱਟ-ਮਾਰ ਦੇ ਕੇਸ ’ਚ ਅੱਜ ਦੂਜੇ ਦਿਨ ਵੀ ਯੂਨੀਅਨ ਨੇ ਉਨ੍ਹਾਂ ਦੀਆਂ ਬੱਸਾਂ ਨੂੰ ਬੱਸ ਅੱਡਾ ਕੰਪਲੈਕਸ ਤੋਂ ਬਾਹਰ ਕੱਢ ਕੇ ਵਿਚ ਬੈਠੀਆਂ ਸਵਾਰੀਆਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਅੱਡੇ ਦੇ ਮੇਨ ਗੇਟ ਦੇ ਬਾਹਰ ਬੱਸਾਂ ਨੂੰ ਰੋਕ ਕੇ ਰਸਤੇ ਬੰਦ ਕਰਵਾ ਦਿੱਤੇ, ਜਿਸ ਸਬੰਧੀ ਨਿੱਜੀ ਬੱਸ ਦੇ ਅੱਡਾ ਇੰਚਾਰਜ ਤੇ ਯੂਨੀਅਨ ’ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਉਹ ਉਨ੍ਹਾਂ ਦੀਆਂ ਬੱਸਾਂ ਰੋਕ ਕੇ ਸਵਾਰੀਆਂ ਉਤਾਰ ਰਹੇ ਸਨ ਅਤੇ ਦੇਖਦੇ ਹੀ ਦੇਖਦੇ ਭੀਡ਼ ਵਧਦੀ ਗਈ। ਮਾਮਲਾ ਭਖਦਾ ਦੇਖ ਮੌਕੇ ’ਤੇ ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਚਾਂਦ ਅਹੀਰ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਉਨ੍ਹਾਂ ਦੀ ਗੱਲ ਸੁਣੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਨਿੱਜੀ ਬੱਸ ਦੇ ਕਰਿੰਦਿਅਾਂ ਵੱਲੋਂ ਆਪਣੀ ਗਲਤੀ ਮੰਨਣ ’ਤੇ ਦੁਪਹਿਰ ਸਮੇਂ ਆਪਸੀ ਰਜ਼ਾਮੰਦੀ ਨਾਲ ਨਿੱਜੀ ਬੱਸ ਦੇ ਅੱਡਾ ਇੰਚਾਰਜ ਤੇ ਯੂਨੀਅਨ ਦੇ ਅਹੁਦੇਦਾਰਾਂ ਦਰਮਿਆਨ ਲਿਖਤੀ ਰੂਪ ’ਚ ਸਮਝੌਤਾ ਹੋਇਆ, ਜਿਸ ’ਤੇ ਦੋਵਾਂ ਧਿਰਾਂ ਦੇ ਲੋਕਾਂ ਨੇ ਸਹਿਮਤੀ ਜਤਾਉਂਦੇ ਹੋਏ ਇਕ-ਦੂਜੇ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਫੈਸਲਾ ਲਿਆ। ਦੱਸ ਦੇਈਏ ਕਿ ਕੇਸ 2 ਦਿਨ ਪਹਿਲਾਂ ਦਾ ਹੈ, ਜਿਸ ਵਿਚ ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੀ ਬੱਸ ਜੋ ਕਿ ਵਾਇਆ ਬਠਿੰਡਾ, ਗੰਗਾਨਗਰ ਵੱਲ ਜਾ ਰਹੀ ਸੀ ਤਾਂ ਰਸਤੇ ’ਚ ਨਿੱਜੀ ਬੱਸ ਦੇ ਕਰਿੰਦਿਆਂ ਵੱਲੋਂ ਰੋਡਵੇਜ਼ ਦੇ ਕੰਡਕਟਰ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਯੂਨੀਅਨ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਰੋਕਣ ਲਈ ਕਦਮ ਚੁੱਕਿਆ ਸੀ ਪਰ ਨਿੱਜੀ ਬੱਸ ਦੇ ਕਰਿੰਦਿਆਂ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਤਾਂ ਜਾ ਕੇ ਯੂਨੀਅਨ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿਵਾਇਆ। ਇਸ ਕੇਸ ਸਬੰਧੀ ਯੂਨੀਅਨ ਤੇ ਨਿੱਜੀ ਬੱਸ ਦੇ ਅੱਡਾ ਇੰਚਾਰਜ ਪੰਜਾਬ ਰੋਡਵੇਜ਼ ਦੇ ਟਰੈਫਿਕ ਮੈਨੇਜਰ ਜੁਗਰਾਜ ਸਿੰਘ ਕੋਲ ਪੁੱਜੇ, ਜਿਸ ’ਤੇ ਉਨ੍ਹਾਂ ਨੇ ਨਿੱਜੀ ਬੱਸ ਕੰਪਨੀ ਦੇ ਅੱਡਾ ਇੰਚਾਰਜ ਨੂੰ ਸਖਤ ਹਦਾਇਤ ਦਿੱਤੀ ਕਿ ਉਹ ਆਪਣੇ ਮੁਲਾਜ਼ਮਾਂ ਰਾਹੀਂ ਇਸ ਤਰ੍ਹਾਂ ਦੀ ਬਦਸਲੂਕੀ ਕਰਨ ਤੋਂ ਬਾਜ਼ ਆਉਣ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਦੋਵਾਂ ਧਿਰਾਂ ਵਿਚ ਸਮਝੌਤਾ ਹੋਣ ’ਤੇ ਬੱਸਾਂ ਨੂੰ ਰੂਟਾਂ ’ਤੇ ਭੇਜਿਆ ਗਿਆ। ਇਹ ਮੌਕੇ ਕੰਟਰੈਕਟ ਯੂਨੀਅਨ ਦੇ ਸੂਬਾ ਉੱਪ ਪ੍ਰਧਾਨ ਸਤਨਾਮ ਸਿੰਘ ਤੇ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਰੋਡਵੇਜ਼ ਆਪਣੇ ਸਹੀ ਟਾਈਮ ’ਤੇ ਬੱਸਾਂ ’ਚ ਸਵਾਰੀਆਂ ਚਡ਼੍ਹਾਉਂਦੀ ਤੇ ਉਤਾਰਦੀ ਹੈ। ਜੇਕਰ ਕੋਈ ਵੀ ਨਿੱਜੀ ਬੱਸ ਸਰਕਾਰੀ ਡਿਊਟੀ ’ਚ ਰੁਕਾਵਟ ਪਾਵੇਗੀ ਤਾਂ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਇੰਸਪੈਕਟਰ ਹਰਦੇਵ ਸਿੰਘ ਨਾਗਰਾ, ਸੁਖਦੇਵ ਸਿੰਘ, ਅਮਰਜੀਤ ਸਿੰਘ, ਰਣਧੀਰ ਸਿੰਘ ਆਦਿ ਹਾਜ਼ਰ ਸਨ।


Related News