ਦੋ ਟਰੱਕਾਂ ਦੀ ਸਿੱਧੀ ਭਿਆਨਕ ਟੱਕਰ ''ਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ
Wednesday, Jul 24, 2024 - 09:00 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ-ਨਾਭਾ ਰੋਡ 'ਤੇ ਪਿੰਡ ਮਾਝਾ ਨੇੜੇ ਬੁੱਧਵਾਰ ਨੂੰ ਦੋ ਟਰੱਕਾਂ ਦੀ ਹੋਈ ਭਿਆਨਕ ਆਹਮੋ-ਸਾਹਮਣੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਭਵਾਨੀਗੜ੍ਹ ਤੋਂ ਨਾਭਾ ਵੱਲ ਜਾ ਰਹੇ ਇੱਕ ਖਾਲੀ ਟਰੱਕ ਦੀ ਨਾਭਾ ਵੱਲੋਂ ਆ ਰਹੇ ਸਾਬਣ ਨਾਲ ਭਰੇ ਟਰੱਕ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਭਵਾਨੀਗੜ੍ਹ ਤੋਂ ਨਾਭਾ ਵੱਲ ਜਾ ਰਹੇ ਟਰੱਕ ਦੇ ਡਰਾਈਵਰ ਸੰਦੀਪ ਸਿੰਘ ਵਾਸੀ ਹਿਸਾਰ (ਹਰਿਆਣਾ) ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਜਦੋਂਕਿ ਨਾਭਾ ਵੱਲੋਂ ਆ ਰਹੇ ਸਾਬਣ ਦੇ ਭਰੇ ਟਰੱਕ ਦਾ ਡਰਾਈਵਰ ਗੰਭੀਰ ਜਖ਼ਮੀ ਹੋ ਗਿਆ। ਹਾਦਸਾ ਬੁੱਧਵਾਰ ਸ਼ਾਮ 4 ਵਜੇ ਦੇ ਕਰੀਬ ਵਾਪਰਿਆ ਤੇ ਸੜਕ ਵਿਚਕਾਰ ਟਰੱਕਾਂ ਦੇ ਆਪਸ 'ਚ ਟਕਰਾ ਜਾਣ ਮਗਰੋਂ ਭਵਾਨੀਗੜ੍ਹ-ਨਾਭਾ ਮੁੱਖ ਸੜਕ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਓਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਹਾਦਸੇ ਵਿੱਚ ਜ਼ਖ਼ਮੀ ਹੋਏ ਦੂਜੇ ਟਰੱਕ ਦੇ ਡਰਾਈਵਰ ਦੀ ਫਿਲਹਾਲ ਪਛਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਜੋ ਹਸਪਤਾਲ 'ਚ ਜੇਰੇ ਇਲਾਜ ਹੈ।