ਨਾਈਜੀਰੀਅਨ ਔਰਤ ਤੇ ਉਸ ਦਾ ਸਾਥੀ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਕਾਬੂ
Monday, Aug 09, 2021 - 08:33 PM (IST)
ਦੋਰਾਹਾ (ਵਿਨਾਇਕ)-ਦੋਰਾਹਾ ਪੁਲਸ ਨੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਜੀ. ਟੀ. ਰੋਡ ਵਿਖੇ ਕੀਤੀ ਗਈ ਸਖ਼ਤ ਨਾਕਾਬੰਦੀ ਦੌਰਾਨ ਮਾਰੂਤੀ ਸਵਿਫਟ ਡਿਜ਼ਾਇਰ ਕਾਰ ’ਚ ਅੰਮ੍ਰਿਤਸਰ ਖੇਤਰ ’ਚ ਸਪਲਾਈ ਦੇਣ ਆ ਰਹੀ ਇੱਕ ਨਾਈਜੀਰੀਅਨ ਔਰਤ ਨੂੰ ਉਸ ਦੇ ਸਮੱਗਲਰ ਸਾਥੀ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਾਅਦ ’ਚ ਕਥਿਤ ਦੋਸ਼ੀਆਂ ਦੀ ਪਛਾਣ ਪ੍ਰਿੰਸਸ ਚਿਨੋਏ ਪੁੱਤਰੀ ਆਦੇਸ ਵਾਸੀ ਮਕਾਨ ਨੰਬਰ 19, ਅਡੀਯੂ ਕ੍ਰੈਸੈਂਟ, ਅਜੋ ਲਾਗੋਸ, ਨਾਈਜੀਰੀਆ, ਹਾਲ ਵਾਸੀ ਉੱਤਮ ਨਗਰ, ਨਵੀਂ ਦਿੱਲੀ ਅਤੇ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਮਕਾਨ ਨੰਬਰ ਬੀ-91, ਗਲੀ ਨੰਬਰ 14, ਗਣੇਸ਼ ਨਗਰ ਕੰਪਲੈਕਸ, ਥਾਣਾ ਪਾਂਡਵ ਨਗਰ, ਨਵੀਂ ਦਿੱਲੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ’ਚ ਟਿਫਿਨ ਬੰਬ ਮਿਲਣ ਤੋਂ ਬਾਅਦ ਜਲੰਧਰ ’ਚ ਵੀ ਹਾਈ ਅਲਰਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਇਲ ਦੇ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਸਖ਼ਤ ਹਦਾਇਤ ’ਤੇ ਦੋਰਾਹਾ ਦੇ ਐੱਸ. ਐੱਚ. ਓ. ਨਛੱਤਰ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਪਵਿੱਤਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਜੀ. ਟੀ. ਰੋਡ ਦੋਰਾਹਾ ਵਿਖੇ ਐੱਫ. ਸੀ. ਆਈ. ਗੋਦਾਮਾਂ ਸਾਹਮਣੇ ਵਿਸ਼ੇਸ਼ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵ੍ਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਖੰਨਾ ਸਾਈਡ ਵੱਲੋਂ ਇੱਕ ਮਾਰੂਤੀ ਸਵਿੱਫਟ ਡਿਜ਼ਾਇਰ ਕਾਰ ਨੰਬਰ ਡੀ. ਐੱਲ.-01ਜ਼ੈੱਡ.ਡੀ.-1068 ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ।
ਪੁਲਸ ਅਨੁਸਾਰ ਕਾਰ ਨੂੰ ਕਥਿਤ ਦੋਸ਼ੀ ਪਲਵਿੰਦਰ ਸਿੰਘ ਚਲਾ ਰਿਹਾ ਸੀ, ਜਦਕਿ ਕਾਰ ਦੀ ਪਿਛਲੀ ਸੀਟ ’ਤੇ ਕਥਿਤ ਔਰਤ ਦੋਸ਼ੀ ਪ੍ਰਿੰਸਸ ਚਿਨੋਏ ਬੈਠੀ ਸੀ। ਦੋਰਾਹਾ ਪੁਲਸ ਨੂੰ ਤਲਾਸ਼ੀ ਦੌਰਾਨ ਕਥਿਤ ਦੋਸ਼ੀਆਂ ਦੇ ਕਬਜ਼ੇ ’ਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਰਾਹਾ ਪੁਲਸ ਨੇ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 125 ਧਾਰਾ 21,25,61,85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਪ੍ਰਿੰਸਸ ਚਿਨੋਏ ਅਤੇ ਪਲਵਿੰਦਰ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਹ ਹੈਰੋਇਨ ਦੀ ਇਹ ਖੇਪ ਦਿੱਲੀ ਤੋ ਲੈ ਕੇ ਆ ਰਹੇ ਸੀ ਤੇ ਅੱਗੇ ਅੰਮ੍ਰਿਤਸਰ (ਪੰਜਾਬ) ਦੇ ਖੇਤਰ ’ਚ ਸਪਲਾਈ ਕਰਨੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਨਾਪਾਕ ਇਰਾਦੇ, 8 ਸਾਲਾ ਮਾਸੂਮ ਹਿੰਦੂ ਬੱਚੇ ਨੂੰ ਬਣਾਇਆ ਈਸ਼ਨਿੰਦਾ ਦਾ ਦੋਸ਼ੀ
ਕਥਿਤ ਦੋਸ਼ੀ ਡੇਢ ਕੁ ਮਹੀਨਾ ਪਹਿਲਾਂ ਵੀ ਦਿੱਲੀ ਤੋਂ ਤਰਨਤਾਰਨ (ਪੰਜਾਬ) ਖੇਤਰ ’ਚ ਨਸ਼ੇ ਦੀ ਸਪਲਾਈ ਦੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਪ੍ਰਿੰਸਸ ਚਿਨੋਏ ਅਤੇ ਪਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਦੋਵਾਂ ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਾਈਜੀਰੀਅਨ ਮਹਿਲਾ ਪ੍ਰਿੰਸਸ ਚਿਨੋਏ ਕੁਝ ਮਹੀਨੇ ਪਹਿਲਾਂ ਹੀ ਭਾਰਤ ਆਈ ਹੈ ਅਤੇ ਆਉਂਦੇ ਸਾਰ ਹੀ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ’ਚ ਸ਼ਾਮਲ ਹੋ ਕੇ ਵੱਡੇ ਨਸ਼ਾ ਸਮੱਗਲਰਾਂ ਨਾਲ ਸਬੰਧ ਬਣਾ ਚੁੱਕੀ ਹੈ।