ਵਧਦੀ ਮਹਿੰਗਾਈ ’ਚ ਕਿਸਾਨਾਂ ’ਤੇ ਕੁਦਰਤ ਦਾ ਕਹਿਰ, ਮੀਂਹ ਨੇ ਸੈਂਕੜੇ ਏਕੜ ਨਰਮਾ ਕੀਤਾ ਕਰੰਡ

Thursday, May 13, 2021 - 01:59 PM (IST)

ਵਧਦੀ ਮਹਿੰਗਾਈ ’ਚ ਕਿਸਾਨਾਂ ’ਤੇ ਕੁਦਰਤ ਦਾ ਕਹਿਰ, ਮੀਂਹ ਨੇ ਸੈਂਕੜੇ ਏਕੜ ਨਰਮਾ ਕੀਤਾ ਕਰੰਡ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)-ਬੀਤੀ ਰਾਤ ਤੋਂ ਖ਼ਰਾਬ ਚੱਲ ਰਹੇ ਮੌਸਮ ਨੇ ਇੱਕ ਵਾਰ ਫੇਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ ਤੇ ਕੁਦਰਤ ਦਾ ਕਹਿਰ ਕਿਸਾਨਾਂ ’ਤੇ ਜਾਰੀ ਹੈ ਕਿਉਂਕਿ ਇਸ ਖ਼ੇਤਰ ’ਚ ਨਰਮੇ ਦੀ ਬੀਜਾਈ ਚੱਲ ਰਹੀ ਹੈ । ਮੀਂਹ ਦੇ ਕਾਰਨ ਜਿੰਨਾ ਕਿਸਾਨਾਂ ਨੇ ਕੱਲ੍ਹ ਜਾਂ ਦੋ ਤਿੰਨ ਦਿਨ ਪਹਿਲਾਂ ਨਰਮਾ ਬੀਜਿਆ ਸੀ ਤੇ ਅਜੇ ਤੱਕ ਉਗਰਿਆ ਨਹੀਂ, ਉਨ੍ਹਾਂ ਕਿਸਾਨਾਂ ਦਾ ਨਰਮਾ ਕਰੰਡ ਹੋ ਗਿਆ ਹੈ ।  ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਖ਼ੇਤਰ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ’ਚ ਮੀਂਹ ਨੇ ਨਰਮਾ ਕਰੰਡ ਕਰ ਦਿੱਤਾ ਹੈ ।

ਪਿੰਡ ਲੱਖੇਵਾਲੀ ਦੇ ਕਿਸਾਨ ਸਿਮਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਥੇ ਕਿਸਾਨ ਜਸ਼ਨ ਬਰਾੜ ਦਾ 13 ਏਕੜ ਨਰਮਾ, ਰਣਜੀਤ ਸਿੰਘ ਦਾ 12 ਏਕੜ, ਜੱਜ ਸਿੰਘ ਦਾ 10 ਏਕੜ, ਚਿਮਨ ਲਾਲ ਦਾ 20 ਏਕੜ , ਬਲਦੇਵ ਸਿੰਘ ਦਾ 3 ਏਕੜ, ਕਿਰਪਾਲ ਸਿੰਘ ਦਾ 2 ਏਕੜ ਨਰਮਾ ਕਰੰਡ ਹੋ ਗਿਆ ਹੈ । ਪਿੰਡ ਮਦਰੱਸਾ ਦੇ ਕਿਸਾਨ ਮਹਿਲ ਸਿੰਘ ਮਦਰੱਸਾ ਨੇ ਦੱਸਿਆ ਕਿ ਇਥੇ 60 ਏਕੜ ਤੋਂ ਵੱਧ ਨਰਮਾ ਕਰੰਡ ਹੋ ਗਿਆ ਹੈ, ਜਦਕਿ ਕੌੜਿਆਂ ਵਾਲਾ ਪਿੰਡ ’ਚ 100-150 ਏਕੜ ਨਰਮਾ ਕਰੰਡ ਹੋਇਆ ਹੈ । ਪਿੰਡ ਬਲਮਗੜ੍ਹ ਦੇ ਕਿਸਾਨ ਜਰਨੈਲ ਸਿੰਘ ਬਲਮਗੜ੍ਹ ਨੇ ਦੱਸਿਆ ਕਿ ਮੌਸਮ ਨੂੰ ਦੇਖਦਿਆਂ ਕੁਝ ਕਿਸਾਨਾਂ ਨੇ ਤਾਂ ਨਰਮਾ ਨਹੀਂ ਬੀਜਿਆ ਸੀ ਪਰ ਫੇਰ ਵੀ 60 ਕੁ ਏਕੜ ਨਰਮਾ ਕਰੰਡ ਹੋ ਗਿਆ ।

ਪਿੰਡ ਭਾਗਸਰ ਵਿਖੇ ਲੱਗਭਗ 150 ਏਕੜ ਨਰਮਾ ਕਰੰਡ ਹੋ ਗਿਆ ਹੈ ।ਪਿੰਡ ਰਾਮਗੜ੍ਹ ਚੂੰਘਾਂ, ਰਹੂੜਿਆਂ ਵਾਲੀ ਅਤੇ ਮੌੜ ਵਿਖੇ ਵੀ ਕਿਸਾਨਾਂ ਵੱਲੋਂ ਬੀਜਿਆ ਗਿਆ ਨਰਮਾ ਕਰੰਡ ਹੋ ਜਾਣ ਦੀ ਸੂਚਨਾ ਮਿਲੀ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਦੀ ਬੀਜ-ਬੀਜਾਈ ’ਤੇ ਕਾਫੀ ਖ਼ਰਚਾ ਆ ਚੁੱਕਾ ਹੈ । ਬੀਜ ਵੀ ਮਹਿੰਗਾ ਹੈ । ਉੱਤੋਂ ਡੀਜ਼ਲ 85 ਰੁਪਏ ਪ੍ਰਤੀ ਲੀਟਰ ਹੋਇਆ ਪਿਆ । ਜਿਨ੍ਹਾਂ ਕਿਸਾਨਾਂ ਦੇ ਨਰਮੇ ਕਰੰਡ ਹੋ ਗਏ, ਉਨ੍ਹਾਂ ਨੂੰ ਦੁਬਾਰਾ ਫੇਰ ਹੋਰ ਖ਼ਰਚਾ ਕਰਨਾ ਪਵੇਗਾ । ਠੇਕੇ ’ਤੇ ਜ਼ਮੀਨਾਂ ਲੈਣ ਵਾਲਿਆਂ ਦਾ ਤਾਂ ਹੋਰ ਵੀ ਮਾੜਾ ਹਾਲ ਹੈ । ਪੰਜਾਬ ਸਰਕਾਰ ਨੂੰ ਪੀੜਤ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ।


author

Manoj

Content Editor

Related News