ਮਾਨਸ਼ਾਹੀਆ ਦੇ ਅਸਤੀਫੇ ਤੋਂ ਬਾਅਦ ਮਾਨਸਾ ਹਲਕੇ ਦੀ ਉਪ ਚੋਣ ਨੂੰ ਲੈ ਕੇ ਸਿਆਸਤ ਹੋਈ ਤੇਜ਼

04/25/2019 9:18:44 PM

ਮਾਨਸਾ,(ਸੰਦੀਪ ਮਿੱਤਲ): ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਮਾਨਸਾ ਵਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਾਨਸਾ ਹਲਕੇ ਦੀ ਉਪ ਚੋਣ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਪ ਚੋਣ ਨੂੰ ਲੈ ਕੇ ਸਿਆਸਤ ਇਕ ਦਮ ਤੇਜ਼ ਹੋ ਗਈ ਹੈ। ਅੱਜ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਵਿਧਾਨ ਸਭਾ 'ਚ ਜਾ ਕੇ ਵਿਧਾਇਕੀ ਪਦ ਤੋਂ ਖੁਦ ਅਸਤੀਫਾ ਦੇ ਕੇ ਆਉਣ ਵਾਲੇ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਉਹ ਨਿਸਵਾਰਥ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਹਨ ਤਾਂ ਕਿ ਮਾਨਸਾ ਵਿਧਾਨ ਸਭਾ ਹਲਕੇ ਦਾ ਵੱਡਾ ਵਿਕਾਸ ਕਰਵਾਇਆ ਜਾ ਸਕੇ। ਹੁਣ ਮਾਨਸਾ ਹਲਕੇ ਤੋਂ ਮਾਨਸ਼ਾਹੀਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਦਾ ਉਮੀਦਵਾਰ ਕੋਣ ਹੋਵੇਗਾ, ਇਹ ਵੀ ਇਕ ਪਹੇਲੀ ਬਣੀ ਹੋਈ ਹੈ। ਸ਼ਹਿਰੀ ਵੋਟਰਾਂ ਦੇ ਆਧਾਰਤ ਜਿੱਤ ਹਾਰ ਦਾ ਫੈਸਲਾ ਮਾਨਸਾ ਸ਼ਹਿਰ ਦੇ ਲੋਕਾਂ ਨੇ ਕੀਤਾ ਹੈ। 
2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਵਜੋਂ ਡਾ. ਮਨੋਜ਼ ਬਾਲਾ ਬਾਂਸਲ ਵਲੋਂ ਚੋਣ ਲੜੀ ਗਈ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਚੱਲੀ ਲਹਿਰ ਦੀ ਭੇਟ ਚੜਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਹਾਰ ਗਏ ਸਨ ਪਰ ਮੌਜੂਦਾ ਸਿਆਸੀ ਸਥਿਤੀ ਅਨੁਸਾਰ ਜੇਕਰ ਕਾਂਗਰਸ ਪਾਰਟੀ ਮਾਨਸਾ ਹਲਕੇ ਤੋਂ ਨਾਜਰ ਸਿੰਘ ਮਾਨਸ਼ਾਹੀਆ ਨੂੰ ਆਪਣਾ ਉਮੀਦਵਾਰ ਬਣਾਉਦੀ ਹੈ ਤਾਂ ਜ਼ਿਲਾ ਕਾਗਰਸ ਪਾਰਟੀ ਦੀ ਪ੍ਰਧਾਨ ਡਾ. ਮਨੋਜ਼ ਬਾਲਾ ਬਾਂਸਲ ਦੀ ਦਾਅਵੇਦਾਰੀ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਦੂਸਰੇ ਪਾਸੇ ਉੱਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਪਾਰਟੀ ਤੋਂ ਉਪ ਚੋਣ ਲਈ ਟਿਕਟ ਹਾਸਲ ਕਰਕੇ ਆਪਣੇ ਸਿਆਸੀ ਭਵਿੱਖ ਲਈ ਰਾਸਤਾ ਬਣਾ ਚੁੱਕੇ ਹਨ। ਦੂਸਰੇ ਪਾਸੇ ਇਸ ਉਪ ਚੋਣ ਦੀ ਭਿਣਕ ਪੈਣ ਤੋਂ ਬਾਅਦ ਸ੍ਰ੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਟਿਕਟ ਦੇ ਦਾਅਵੇਦਾਰਾਂ ਨੇ ਵੀ ਕੰਨ ਖੁਰਕਣੇ ਸ਼ੁਰੂ ਕਰ ਦਿਤੇ ਹਨ।


Related News