ਵਿਅਾਹੁਤਾ ਪ੍ਰੇਮਿਕਾ ਨਾਲ ਵਿਅਾਹ ਕਰਨ ਤੋਂ ਕੀਤਾ ਇਨਕਾਰ ਤਾਂ ਪ੍ਰੇਮੀ ਨੂੰ ਉਤਾਰਿਅਾ ਮੌਤ ਦੇ ਘਾਟ
Saturday, Sep 22, 2018 - 02:10 AM (IST)

ਬਠਿੰਡਾ, (ਵਰਮਾ)- ਜ਼ਿਲੇ ਦੇ ਥਾਣਾ ਦਿਆਲਪੁਰਾ ਦੇ ਪਿੰਡ ਚੰਨਾ ਦੇ ਨੌਜਵਾਨ ਨੂੰ ਵਿਆਹੁਤਾ ਨਾਲ ਦੋਸਤਾਨਾ ਸਬੰਧ ਇੰਨਾ ਭਾਰੀ ਪਿਆ ਕਿ ਆਖਿਰ ਉਸ ਨੂੰ ਆਪਣੀ ਜਾਨ ਗੁਅਾਉਣੀ ਪਈ। ਵਿਆਹੁਤਾ ਆਪਣੇ ਪ੍ਰੇਮੀ ’ਤੇ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ ਪਰ ਮ੍ਰਿਤਕ ਨੌਜਵਾਨ ਨੇ ਉਸ ਨੂੰ ਦੋਸਤਾਨਾ ਸਬੰਧਾਂ ਦਾ ਹੀ ਵਾਸਤਾ ਦਿੱਤਾ ਪਰ ਪ੍ਰੇਮਿਕਾ ਨੇ ਆਪਣੇ ਭਰਾ ਤੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਡਰੇਨ ਵਿਚ ਸੁੱਟ ਦਿੱਤਾ। ਘਟਨਾ 14 ਸਤੰਬਰ 2018 ਦੀ ਹੈ ਜਦਕਿ 18 ਸਤੰਬਰ ਨੂੰ ਡਰੇਨ ’ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਤੈਰਦੀ ਹੋਈ ਦਿਆਲੁਪੁਰਾ ਪੁਲਸ ਨੂੰ ਮਿਲੀ। ਪੁਲਸ ਨੇ ਮ੍ਰਿਤਕ ਦੀ ਪਛਾਣ ਕਰਵਾਉਣ ਲਈ ਅਖਬਾਰਾਂ ਤੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤਾਂ ਮ੍ਰਿਤਕ ਦੇ ਪਰਿਵਾਰ ਵਾਲੇ ਸਾਹਮਣੇ ਅਾਏ। ਚੰਨਾ ਵਾਸੀ ਹਰਦਮ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਆਪਣੇ 30 ਸਾਲਾ ਬੇਟੇ ਹਰਜਿੰਦਰ ਸਿੰਘ ਦੀ ਲਾਸ਼ ਦੀ ਪਛਾਣ ਕੀਤੀ ਤੇ ਪੁਲਸ ਨੂੰ ਕਿਸੇ ’ਤੇ ਕੋਈ ਸ਼ੱਕ ਨਾ ਹੋਣ ਦਾ ਬਿਆਨ ਵੀ ਦਰਜ ਕਰਵਾ ਦਿੱਤਾ। ਪੁਲਸ ਨੇ 174 ਦੀ ਕਾਰਵਾਈ ਕਰ ਦਿੱਤੀ ਪਰ 19 ਸਤੰਬਰ ਨੂੰ ਇਸ ਦਾ ਭੇਤ ਖੁੱਲ੍ਹਿਆ। ਮ੍ਰਿਤਕ ਦੇ ਪਿਤਾ ਨੇ ਦਿਆਲਪੁਰਾ ਪੁਲਸ ਨੂੰ ਦੱਸਿਆ ਕਿ ਉਸ ਦੇ ਲਡ਼ਕੇ ਦਾ ਮਲੂਕਾ ਵਾਸੀ ਜੱਸੀ ਕੌਰ ਨਾਲ ਦੋਸਤਾਨਾ ਸਬੰਧ ਸੀ ਤੇ ਉਹ ਅਕਸਰ ਉਥੇ ਜਾਂਦਾ ਸੀ। ਦਿਆਲਪੁਰਾ ਪੁਲਸ ਦੇ ਮੁਖੀ ਹਰਜੀਤ ਸਿੰਘ ਨੇ ਇਸ ਸ਼ੱਕ ਨੂੰ ਗੰਭੀਰਤਾ ਨਾਲ ਲਿਆ ਅਤੇ ਜੱਸੀ ਕੌਰ ਤੋਂ ਪੁੱਛਗਿੱਛ ਕੀਤੀ ਪਰ ਉਸ ਨੇ ਪੁਲਸ ਨੂੰ ਕੁਝ ਨਹੀਂ ਦੱਸਿਆ ਜਦੋਂ ਪੁਲਸ ਨੇ ਸਖ਼ਤੀ ਕੀਤੀ ਤਾਂ ਭੇਤ ਖੁੱਲ੍ਹਿਆ। ਜੱਸੀ ਕੌਰ ਪਤਨੀ ਨੀਟੂ ਸਿੰਘ ਜੋ 2 ਬੱਚਿਆਂ ਦੀ ਮਾਂ ਹੈ ਉਸ ਦੇ ਸਬੰਧ ਹਰਜਿੰਦਰ ਸਿੰਘ ਨਾਲ ਬਣ ਗਏ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰ੍ਰਿਤਕ ਦੇ ਪਿਤਾ ਅਨੁਸਾਰ 11 ਨਵੰਬਰ 2018 ਨੂੰ ਹਰਜਿੰਦਰ ਦਾ ਵਿਆਹ ਹੋਣ ਸੀ, ਜੱਸੀ ਕੌਰ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਸ ਨੇ ਹਰਜਿੰਦਰ ਸਿੰਘ ’ਤੇ ਉਸ ਨਾਲ ਵਿਆਹ ਕਰਨ ਦਾ ਲਗਾਤਾਰ ਦਬਾਅ ਬਣਾਇਆ ਪਰ ਉਹ ਨਹੀਂ ਮੰਨਿਆ। ਆਖਿਰ 14 ਸਤੰਬਰ ਨੂੰ ਮੁਲਜ਼ਮ ਅੌਰਤ ਨੇ ਉਸ ਨੂੰ ਘਰ ਬੁਲਾਇਆ ਤੇ ਆਪਣੇ ਭਰਾ ਜਗਦੀਪ ਸਿੰਘ ਵਾਸੀ ਭਗਤੂਆਣਾ ਤੇ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਪ੍ਰੇਮੀ ਦਾ ਕੰਮ ਤਮਾਮ ਕਰ ਦਿੱਤਾ। ਉਨ੍ਹਾਂ ਲਾਸ਼ ਨੂੰ ਟਿਕਾਉਣੇ ਲਾਉਣ ਲਈ ਡਰੇਨ ’ਚ ਸੁੱਟ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਲਾਸ਼ ਨੂੰ ਪਾਣੀ ਵਹਾਅ ਕੇ ਲੈ ਜਾਵੇਗਾ ਤੇ ਇਸ ਦੀ ਪਛਾਣ ਨਹੀਂ ਹੋਵੇਗੀ ਪਰ ਡਰੇਨ ਵਿਚ ਪਾਣੀ ਘੱਟ ਸੀ ਅਤੇ ਲਾਸ਼ ਫਸੀ ਰਹਿ ਗਈ ਤੇ ਪੂਰਾ ਭੇਤ ਖੁੱਲ੍ਹ ਗਿਆ। ਸ਼ੁੱਕਰਵਾਰ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦਕਿ ਪੁਲਸ ਨੇ ਜੱਸੀ ਕੌਰ, ਜਗਦੀਪ ਸਿੰਘ ਤੇ ਹੋਰਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਥਾਣਾ ਪ੍ਰਮੁੱਖ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਅੱਜ ਹੀ ਉਸ ਦਾ ਸਸਕਾਰ ਹੋਇਆ ਹੈ। ਸ਼ਨੀਵਾਰ ਨੂੰ ਕਾਰਵਾਈ ਸ਼ੁਰੂ ਹੋਵੇਗੀ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿਛ ਕੀਤੀ ਜਾਵੇਗੀ।