ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਦਾ ਜਲਦ ਕੀਤੀ ਜਾਵੇਗਾ ਨਿਪਟਾਰਾ : ਅਰੁਨਾ ਚੌਧਰੀ

03/05/2020 4:20:17 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫਦ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਮੈਡਮ ਅਰੁਨਾ ਚੌਧਰੀ ਨਾਲ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਦੌਰਾਨ ਮੰਤਰੀ ਅਰੁਨਾ ਚੌਧਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਜੋ ਵੀ ਮੰਗਾਂ ਹਨ, ਉਨ੍ਹਾਂ ਦਾ ਜਲਦੀ ਨਿਪਟਾਰਾ ਕਰ ਦਿੱਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਦੇ, ਜੋ ਪੈਸੇ ਕ੍ਰਮਵਾਰ 600 ਰੁਪਏ ਅਤੇ 300 ਰੁਪਏ ਨੱਪੀ ਬੈਠੀ ਹੈ, ਦੇ ਸਬੰਧ ਵਿਚ ਮੰਤਰੀ ਨੇ ਕਿਹਾ ਕਿ ਇਹ ਤੁਹਾਡਾ ਹੱਕ ਹੈ ਅਤੇ ਤੁਹਾਨੂੰ ਮਿਲੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧ 'ਚ ਉਹ ਖਜ਼ਾਨਾ ਮੰਤਰੀ ਦੇ ਨਾਲ ਗੱਲ ਕਰਨਗੇ ਅਤੇ ਵਰਕਰਾਂ/ਹੈਲਪਰਾਂ ਦੇ ਨਾਲ ਖੜਨਗੇ। ਪੋਸ਼ਣ ਅਭਿਆਨ ਦੇ ਜੋ ਪੈਸੇ ਪਿਛਲੇ ਦੋ ਸਾਲਾਂ ਤੋਂ ਰੁਕੇ ਪਏ ਹਨ, ਦੇ ਬਾਰੇ ਵਿਚ ਮੰਤਰੀ ਨੇ ਕਿਹਾ ਕਿ ਇਹ ਪੈਸੇ ਜਲਦੀ ਰਲੀਜ਼ ਕਰ ਦਿੱਤੇ ਜਾਣਗੇ ਅਤੇ ਪ੍ਰਧਾਨ ਮੰਤਰੀ ਮਾਤਰਤੱਵ ਯੋਜਨਾ ਦੇ ਪੈਸੇ 31 ਮਾਰਚ ਤੋਂ ਪਹਿਲਾਂ-ਪਹਿਲਾਂ ਵਰਕਰਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਣਗੇ। ਕਰੈਚ ਵਰਕਰਾਂ ਦੀਆਂ ਰੁਕੀਆਂ ਪਈਆਂ ਤਨਖਾਹਾਂ ਦੋ ਹਫ਼ਤਿਆਂ ਤੱਕ ਦੇ ਦਿੱਤੀਆਂ ਜਾਣਗੀਆਂ ਅਤੇ ਇਹ ਫਾਇਲ ਵਿੱਤ ਸਕੱਤਰ ਦੇ ਕੋਲ ਪਈ ਹੈ। ਸੁਪਰਵਾਈਜਰਾਂ ਦੀ ਭਰਤੀ ਦੋ ਹਫ਼ਤਿਆਂ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ ਅਤੇ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਅਪ੍ਰੈਲ ਵਿਚ ਜਥੇਬੰਦੀ ਨਾਲ ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿਚ ਪ੍ਰਿੰਸੀਪਲ ਸਕੱਤਰ ਸਮਾਜਿਕ ਸੁਰੱਖਿਆ ਮੈਡਮ ਰਾਜੀ ਪੀ.ਵਾਸਤਵਾ, ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਤੋਂ ਇਲਾਵਾ ਯੂਨੀਅਨ ਦੀਆਂ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ ਤੇ ਅੰਮ੍ਰਿਤਪਾਲ ਕੌਰ ਸਿੱਧਵਾਂ ਆਦਿ ਮੌਜ਼ੂਦ ਸਨ।

ਮੰਤਰੀ ਦੇ ਘਰ ਅੱਗੇ 11 ਮਾਰਚ ਤੋਂ ਰੱਖੀ ਜਾਣ ਵਾਲੀ ਲੜੀਵਾਰ ਭੁੱਖ ਹੜਤਾਲ ਮੁਲਤਵੀ
ਇਸੇ ਦੌਰਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਮੰਤਰੀ ਅਰੁਨਾ ਚੌਧਰੀ ਦੇ ਸ਼ਹਿਰ ਦੀਨਾਨਗਰ ਵਿਖੇ ਉਹਨਾਂ ਦੇ ਘਰ ਅੱਗੇ ਜੋ ਲੜੀਵਾਰ ਭੁੱਖ ਹੜਤਾਲ 11 ਮਾਰਚ ਤੋਂ ਸ਼ੁਰੂ ਕੀਤੀ ਜਾਣੀ ਸੀ, ਉਹ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਵੱਲੋਂ ਦਿੱਤੇ ਗਏ ਸਮੇਂ ਵਿਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।


rajwinder kaur

Content Editor

Related News