ਜ਼ਰੂਰਤਮੰਦ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਆਤਮ-ਨਿਰਭਰ ਬਣਾਉਣਾ ਸਭ ਤੋਂ ਵੱਡੀ ਸੇਵਾ : ਵਿਜੇ ਚੋਪੜਾ

09/03/2019 2:29:28 PM

ਪਟਿਆਲਾ (ਰਾਜੇਸ਼)— ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਜ਼ਰੂਰਤਮੰਦ ਬੱਚਿਆਂ ਨੂੰ ਐਜੂਕੇਸ਼ਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੰਪਿਊਟਰ, ਬਿਊਟੀ ਪਾਰਲਰ ਜਾਂ ਕਿਸੇ ਹੋਰ ਤਰ੍ਹਾਂ ਦੀ ਟ੍ਰੇਨਿੰਗ ਦੇ ਕੇ ਆਤਮ-ਨਿਰਭਰ ਬਣਾਉਣਾ ਸੇਵਾ ਦਾ ਸਭ ਤੋਂ ਵੱਡਾ ਕਾਰਜ ਹੈ। ਇਸ ਤੋਂ ਇਲਾਵਾ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਕਿਤਾਬਾਂ ਮੁਹੱਈਆ ਕਰਵਾਉਣਾ ਜਗਰਾਤੇ ਕਰਵਾਉਣ ਵਾਂਗ ਹੈ। ਜਿਸ ਤਰ੍ਹਾਂ ਦਾ ਪੁੰਨ ਜਗਰਾਤੇ ਕਰਵਾਉਣ ਨਾਲ ਮਿਲਦਾ ਹੈ, ਉਸੇ ਤਰ੍ਹਾਂ ਦਾ ਪੁੰਨ ਉਨ੍ਹਾਂ ਬੱਚਿਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਦੇਣ ਨਾਲ ਮਿਲਦਾ ਹੈ, ਜਿਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਨ-ਹਿਤ ਸੰਮਤੀ ਪੰਜਾਬ ਪਟਿਆਲਾ ਵਲੋਂ ਜਿਥੇ ਹਰ ਸਾਲ ਇਕ ਹਜ਼ਾਰ ਬੱਚਿਆਂ ਨੂੰ ਸਟੇਸ਼ਨਰੀ ਅਤੇ ਕਿਤਾਬਾਂ ਵੰਡੀਆਂ ਜਾਂਦੀਆਂ ਹਨ, ਉਥੇ ਹੀ ਹੁਣ ਰਾਏਪੁਰ ਮੰਡਲਾਂ ਪਿੰਡ ਵਿਖੇ ਬਿਊਟੀ ਪਾਰਲਰ ਦਾ ਸੈਂਟਰ ਖੋਲ੍ਹ ਕੇ ਸੇਵਾ ਦਾ ਇਕ ਹੋਰ ਵੱਡਾ ਕਾਰਜ ਕੀਤਾ ਹੈ। ਸ਼੍ਰੀ ਚੋਪੜਾ ਇਥੇ ਜਨ-ਹਿਤ ਸੰਮਤੀ ਦੇ ਬਿਊਟੀ ਪਾਰਲਰ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਆਯੋਜਿਤ ਪੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸੈਂਟਰ ਖੁੱਲ੍ਹਣ ਨਾਲ ਬੱਚੀਆਂ ਟ੍ਰੇਨਿੰਗ ਕਰ ਕੇ ਆਪਣਾ ਸਵੈ-ਰੋਜ਼ਗਾਰ ਸਥਾਪਤ ਕਰ ਕੇ ਆਪਣੇ ਪਰਿਵਾਰਾਂ ਲਈ ਵੱਡਾ ਸਹਾਰਾ ਬਣਨਗੀਆਂ। ਅੱਜ ਦੇ ਸਮੇਂ ਬਿਊਟੀ ਪਾਰਲਰ ਦਾ ਕੰਮ ਕਾਫੀ ਵਧੀਆ ਹੈ। ਜਿਹੜੀ ਲੜਕੀ ਇਥੋਂ ਟ੍ਰੇਨਿੰਗ ਲੈ ਕੇ ਜਾਵੇਗੀ, ਉਹ ਆਪਣੇ ਘਰ ਵਿਚ ਆਪਣਾ ਕੰਮ-ਕਾਜ ਚਲਾ ਸਕਦੀ ਹੈ ਕਿਉਂਕਿ ਬਿਊਟੀ ਪਾਰਲਰ ਦਾ ਕੰਮ ਕਰਨ ਲਈ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਪੈਂਦੀ। ਉਨ੍ਹਾ ਕਿਹਾ ਕਿ ਅੱਜ ਕੇਂਦਰ ਸਰਕਾਰ ਸਕਿੱਲ ਇੰਡੀਆ ਦੀਆਂ ਗੱਲਾਂ ਕਰ ਰਹੀ ਹੈ ਪਰ ਅਸਲ ਵਿਚ ਸਮਾਜ-ਸੇਵੀ ਸੰਸਥਾਵਾਂ ਹੀ ਲੋਕਾਂ ਨੂੰ ਸਕਿੱਲ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਸੌ ਫੀਸਦੀ ਸਾਖਰ ਕਰਨ ਵਿਚ ਸਫਲ ਹੋ ਗਏ ਤਾਂ ਇਸ ਦੇਸ਼ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਪ੍ਰਾਚੀਨ ਸਮੇਂ ਵਿਚ ਐਜੂਕੇਸ਼ਨ ਦੇ ਕਾਰਣ ਹੀ ਹਿੰਦੁਸਤਾਨ 'ਸੋਨੇ ਦੀ ਚਿੜੀ' ਬਣਿਆ ਸੀ। ਸੰਸਾਰ ਭਰ ਦੇ ਲੋਕ ਹਿੰਦੁਸਤਾਨ ਵਿਚ ਸਿੱਖਿਆ ਗ੍ਰਹਿਣ ਕਰਨ ਆਉਂਦੇ ਸਨ। ਤਕਸ਼ਿਲਾ ਯੂਨੀਵਰਸਿਟੀ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਹਿੰਦੁਸਤਾਨ ਕਿਸੇ ਸਮੇਂ ਗਿਆਨ ਦਾ ਸੋਮਾ ਰਿਹਾ ਹੈ। ਅੱਜ ਲੋੜ ਹੈ ਕਿ ਹਿੰਦੁਸਤਾਨ ਫਿਰ ਤੋਂ ਗਿਆਨ ਦੇ ਖੇਤਰ ਵਿਚ ਨੰਬਰ ਇਕ ਬਣੇ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕਾਂ ਨੂੰ ਸਿੱਖਿਆ ਦੇਣਾ, ਸਿਹਤ ਸਹੂਲਤਾਂ ਅਤੇ ਹੋਰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਸਰਕਾਰਾਂ ਆਪਣੀ ਡਿਊਟੀ ਵਿਚ ਫੇਲ ਹਨ। ਇਸੇ ਕਾਰਨ ਜਨ-ਹਿਤ ਸੰਮਤੀ ਵਰਗੀਆਂ ਸੰਸਥਾਵਾਂ ਦਾ ਜਨਮ ਹੋਇਆ ਹੈ। ਇਹ ਸੰਸਥਾਵਾਂ ਮਿੰਨੀ ਸਰਕਾਰ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬੇਸ਼ੱਕ ਕਾਮਯਾਬ ਨਾ ਹੋਣ ਪਰ ਜਨ-ਹਿਤ ਸੇਵਾ ਸੰਮਤੀ ਵਰਗੀਆਂ ਸੰਸਥਾਵਾਂ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਸਿਰੇ ਚੜ੍ਹ ਰਹੇ ਹਨ। ਆਮ ਅਤੇ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਦਾ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸੋਸਾਇਟੀ ਦਾ ਨਾਂ ਜਨ-ਹਿਤ ਸੰਮਤੀ ਰੱਖਿਆ ਗਿਆ ਹੈ। ਜਿਸ ਵਿਚ ਸੋਸਾਇਟੀ ਦਾ ਕੋਈ ਹਿਤ ਨਹੀਂ। ਸਮੁੱਚਾ ਹਿਤ ਲੋਕਾਂ ਦਾ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਸਮੇਂ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਕਿਸ ਜਾਤ ਜਾਂ ਧਰਮ ਨਾਲ ਸਬੰਧਤ ਹੈ।

ਇਸ ਮੌਕੇ ਸਮਾਜ-ਸੇਵੀ ਸਤਿੰਦਰਪਾਲ ਕੌਰ ਵਾਲੀਆ, ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਰਾਜੇਸ਼ ਸ਼ਰਮਾ ਪੰਜੌਲਾ, ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ, ਮੋਹਨ ਪ੍ਰਕਾਸ਼ ਗੁਪਤਾ, ਡਾ. ਸੁਧੀਰ ਵਰਮਾ, ਡਾ. ਆਸ਼ੂਤੋਸ਼ ਨਰੂਲਾ, ਰਾਜੀਵ ਗਰਗ, ਸਤ ਪ੍ਰਕਾਸ਼, ਸੁੰਦਰ ਲਾਲ, ਸਤੀਸ਼ ਕੁਮਾਰ, ਕਮਲਦੀਪ ਸਿੰਘ ਢੰਡ, ਮਨਜੀਵ ਸਿੰਘ ਕਾਲੇਕਾ ਅਤੇ ਜਨ-ਹਿਤ ਸੰਮਤੀ ਪਟਿਆਲਾ ਦੇ ਪ੍ਰਧਾਨ ਸੁਸ਼ੀਲ ਗੌਤਮ, ਜਨਰਲ ਸਕੱਤਰ ਵਿਨੋਦ ਸ਼ਰਮਾ, ਪੀ. ਕੇ. ਜੈਨ, ਸੁਰਵਿੰਦਰ ਛਾਬੜਾ ਉੱਪ-ਪ੍ਰਧਾਨ, ਚਮਨ ਲਾਲ ਗੋਇਲ, ਰੁਪਿੰਦਰ ਕੌਰ, ਜਗਤਾਰ ਸਿੰਘ ਜੱਗੀ ਅਤੇ ਐੱਸ. ਪੀ. ਗੁਪਤਾ ਵੀ ਹਾਜ਼ਰ ਸਨ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਭਾਗ ਲਿਆ।

ਵਿਜੇ ਚੋਪੜਾ ਜੀ ਤੋਂ ਮਿਲੀ ਬਿਊਟੀ ਪਾਰਲਰ ਖੋਲ੍ਹਣ ਦੀ ਪ੍ਰੇਰਨਾ : ਐੱਸ. ਕੇ. ਗੌਤਮ
ਇਸ ਮੌਕੇ ਸੰਮਤੀ ਦੇ ਪ੍ਰਧਾਨ ਸੁਸ਼ੀਲ ਗੌਤਮ ਨੇ ਕਿਹਾ ਕਿ ਸਾਨੂੰ ਵਿਜੇ ਚੋਪੜਾ ਜੀ ਤੋਂ ਇਸ ਬਿਊਟੀ ਪਾਰਲਰ ਨੂੰ ਖੋਲ੍ਹਣ ਦੀ ਪ੍ਰੇਰਨਾ ਮਿਲੀ ਹੈ। ਇਹ ਅੱਜ ਦੇ ਸਮੇਂ ਵਿਚ ਰੋਜ਼ਗਾਰ ਦਾ ਉੱਤਮ ਸਾਧਨ ਹੈ। ਉਨ੍ਹਾਂ ਕਿਹਾ ਕਿ ਜਨ-ਹਿਤ ਸੰਮਤੀ ਦੇ ਇਸ ਭਵਨ ਵਿਚ ਪਹਿਲਾਂ ਹੀ ਦੰਦਾਂ ਦੇ ਇਲਾਜ ਦੀ ਕੁਰਸੀ, ਇਕ ਕੰਪਿਊਟਰ ਸਿਖਲਾਈ ਕੇਂਦਰ ਅਤੇ ਇਕ ਸਿਲਾਈ ਸਿੱਖਿਆ ਕੇਂਦਰ ਚਲਾਇਆ ਜਾ ਰਿਹਾ ਹੈ। ਇਸ ਵਿਚ ਹਰ ਮਹੀਨੇ 30 ਤੋਂ 40 ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।

ਜਨ-ਹਿਤ ਸੰਮਤੀ ਕਰ ਰਹੀ ਹੈ ਸੇਵਾ ਦੇ ਵੱਡੇ ਕਾਰਜ : ਵਿਨੋਦ ਸ਼ਰਮਾ
ਇਸ ਮੌਕੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਸੰਮਤੀ ਵੱਲੋਂ ਚਲਾਏ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨ-ਹਿਤ ਸੰਮਤੀ ਸਿੱਖਿਆ, ਵਾਤਾਵਰਣ, ਸੈਨੀਟੇਸ਼ਨ ਅਤੇ ਸਿਹਤ ਨਾਲ ਜੁੜੇ ਬਹੁਤ ਸਾਰੇ ਪ੍ਰੋਗਰਾਮ ਚਲਾ ਰਹੀ ਹੈ। ਇਸ ਵਿਚ ਸੰਮਤੀ ਦੀਆਂ 3 ਐਂਬੂਲੈਂਸਾਂ ਮਰੀਜ਼ਾਂ ਲਈ ਸਿਰਫ ਰੱਖ-ਰਖਾਅ ਦੇ ਖਰਚੇ 'ਤੇ ਮੁਹੱਈਆ ਹਨ। ਸੰਮਤੀ ਸਾਲ ਵਿਚ ਦੋ ਵਾਰ ਕਿਤਾਬਾਂ ਅਤੇ ਵਰਦੀਆਂ ਇਕ ਹਜ਼ਾਰ ਵਿਦਿਆਰਥੀਆਂ ਨੂੰ ਪ੍ਰਦਾਨ ਕਰਦੀ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਹੈਲਪ ਡੈਸਕ, ਮੈਰਾਥਨ, ਸਾਈਕਲ ਰੈਲੀ, ਬਾਰਾਂਦਰੀ ਗਾਰਡਨ ਵਿਚ ਚਿਲਡਰਨ ਪਾਰਕ ਅਤੇ ਹੋਰ ਪਾਰਕਾਂ ਦੀ ਦੇਖਭਾਲ, ਬੁਢਾਪਾ ਪੈਨਸ਼ਨ ਅਤੇ ਹੋਰ ਮਹੱਤਵਪੂਰਨ ਕੰਮ ਵੀ ਸੰਮਤੀ ਵੱਲੋਂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਨ-ਹਿਤ ਸੰਮਤੀ ਸੇਵਾ ਦੇ ਵੱਡੇ ਕਾਰਜ ਕਰ ਰਹੀ ਹੈ।

ਵਿਜੇ ਚੋਪੜਾ ਸਮਾਜਕ ਸੰਸਥਾਵਾਂ ਦੇ ਸਰਪ੍ਰਸਤ : ਪਵਨ ਗੁਪਤਾ
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਜਨ-ਹਿਤ ਸੰਮਤੀ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਮਾਜ ਨੂੰ ਅਜਿਹੀਆਂ ਸੰਸਥਾਵਾਂ ਦੀ ਬਹੁਤ ਲੋੜ ਹੈ। ਉਨ੍ਹਾਂ ਵਿਜੇ ਚੋਪੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਮਰ ਵਿਚ ਵੀ ਇੰਨੀ ਮਿਹਨਤ ਕਰਦਿਆਂ ਉਹ ਸਮਾਜ ਸੇਵਾ ਦੇ ਪ੍ਰਤੀਕ ਵਜੋਂ ਉੱਤਮ ਮਿਸਾਲ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਅਤੇ 'ਪੰਜਾਬ ਕੇਸਰੀ ਗਰੁੱਪ' ਸਮਾਜਕ ਸੰਸਥਾਵਾਂ ਦੇ ਸਰਪ੍ਰਸਤ ਬਣ ਗਏ ਹਨ। ਸ਼੍ਰੀ ਵਿਜੇ ਚੋਪੜਾ ਪੰਜਾਬ ਦੇ ਕੋਨੇ-ਕੋਨੇ ਵਿਚ ਜਾ ਕੇ ਲੋਕਾਂ ਵਿਚ ਸਮਾਜ ਸੇਵਾ ਦਾ ਜਜ਼ਬਾ ਪੈਦਾ ਕਰ ਰਹੇ ਹਨ। 'ਪੰਜਾਬ ਕੇਸਰੀ' ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜ਼ਬੂਤੀ ਲਈ ਕੰਮ ਕੀਤਾ। ਇਸ ਤੋਂ ਇਲਾਵਾ ਹੁਣ ਇਹ ਗਰੁੱਪ ਲੋਕਾਂ ਦਾ ਹਮਦਰਦ ਬਣ ਕੇ ਸਮਾਜ ਦੀਆਂ ਸਮੱਸਿਆਵਾਂ ਖਤਮ ਕਰ ਰਿਹਾ ਹੈ। ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਨਾ ਨਾਲ ਅੱਜ ਜਗ੍ਹਾ-ਜਗ੍ਹਾ 'ਤੇ ਰਾਸ਼ਨ ਵੰਡੇ ਜਾ ਰਹੇ ਹਨ। ਪਟਿਆਲਾ ਦੀਆਂ ਸਮਾਜਕ ਸੰਸਥਾਵਾਂ 'ਤੇ ਸ਼੍ਰੀ ਚੋਪੜਾ ਜੀ ਦਾ ਵਿਸ਼ੇਸ਼ ਅਸ਼ੀਰਵਾਦ ਹੈ।


Shyna

Content Editor

Related News