MP ਅਰੋੜਾ ਨੇ ਅੰਮ੍ਰਿਤਸਰ ਅਤੇ ਪਾਕਿਸਤਾਨ ਦਾ ਦੋ ਦਿਨਾਂ ਅਧਿਆਤਮਿਕ ਦੌਰਾ ਕੀਤਾ ਪੂਰਾ

Wednesday, May 31, 2023 - 04:25 PM (IST)

MP ਅਰੋੜਾ ਨੇ ਅੰਮ੍ਰਿਤਸਰ ਅਤੇ ਪਾਕਿਸਤਾਨ ਦਾ ਦੋ ਦਿਨਾਂ ਅਧਿਆਤਮਿਕ ਦੌਰਾ ਕੀਤਾ ਪੂਰਾ

ਲੁਧਿਆਣਾ (ਜੋਸ਼ੀ) : ਅੰਮ੍ਰਿਤਸਰ ਅਤੇ ਪਾਕਿਸਤਾਨ ਦਾ ਆਪਣਾ ਦੋ ਰੋਜ਼ਾ ਅਧਿਆਤਮਕ ਦੌਰਾ ਪੂਰਾ ਕਰਨ ਤੋਂ ਬਾਅਦ ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਭਰਪੂਰ ਤਜ਼ਰਬਿਆਂ ਅਤੇ ਯਾਦਾਂ ਨਾਲ ਇੱਥੇ ਪਰਤੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ਦਾ ਵੀ ਦੌਰਾ ਕੀਤਾ। ਇੱਥੇ ਵਾਪਸੀ 'ਤੇ ਅਰੋੜਾ ਨੇ ਕਿਹਾ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' (ਭਾਰਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ) ਦੇ ਮੱਦੇਨਜ਼ਰ ਉਨ੍ਹਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ-ਵਾਹਗਾ ਸਰਹੱਦ ਦਾ ਦੌਰਾ ਕੀਤਾ। ਅਰੋੜਾ ਦਾ ਇਸ ਸਥਾਨ 'ਤੇ ਇਹ ਪਹਿਲਾ ਦੌਰਾ ਸੀ।

ਉਨ੍ਹਾਂ ਅਟਾਰੀ ਵਿਖੇ ਕਸਟਮ ਗੈਲਰੀ ਦਾ ਦੌਰਾ ਕੀਤਾ ਜਿੱਥੇ ਬੀਐੱਸਐੱਫ਼ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ (ਜੇ.ਸੀ.ਪੀ.) ਦਾ ਦੌਰਾ ਕੀਤਾ। ਉਨ੍ਹਾਂ ਨੇ 'ਬੀਟਿੰਗ ਦਾ ਰਿਟਰੀਟ' ਸਮਾਰੋਹ ਵੀ ਦੇਖਿਆ ਅਤੇ ਬੀਐੱਸਐੱਫ਼ ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਅਰੋੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਹਥਿਆਰਬੰਦ ਬਲਾਂ ਨੂੰ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਫੋਰਸਾਂ ਸਖ਼ਤ ਚੌਕਸੀ ਰੱਖਦੀਆਂ ਹਨ ਅਤੇ ਅੰਤਰਰਾਸ਼ਟਰੀ ਸਰਹੱਦ ਦੀ 24 ਘੰਟੇ ਪਹਿਰਾ ਦਿੰਦੀਆਂ ਹਨ। ਉਨ੍ਹਾਂ ਨੇ ਅਟਾਰੀ-ਵਾਹਗਾ ਸਰਹੱਦ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਨਿਭਾਈਆਂ ਸਮਰਪਿਤ ਦੇਸ਼ ਭਗਤੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ- ਪਿੰਡ ਧਾਰੀਵਾਲ ਕਲਾਂ ’ਚ ਵਾਪਰਿਆ ਭਾਣਾ, 2 ਸਾਲਾ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ’ਚ ਡੁੱਬਣ ਕਾਰਨ ਮੌਤ

ਉਨ੍ਹਾਂ ਯਾਦ ਕੀਤਾ ਕਿ ਅੰਤਰਰਾਸ਼ਟਰੀ ਸਰਹੱਦ ਦਾ ਦੌਰਾ ਕਰਨਾ ਬਹੁਤ ਵਧੀਆ ਪਲ ਸੀ ਕਿਉਂਕਿ ਇਸ ਦੀ ਇਤਿਹਾਸਕ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਦੋਵਾਂ ਦੇਸ਼ਾਂ ਵਿਚਾਲੇ ਇਕੋ ਸੜਕ ਹੈ। ਇਹ ਅੰਤਰਰਾਸ਼ਟਰੀ ਸਰਹੱਦ 1959 ਵਿੱਚ ਸਥਾਪਿਤ ਕੀਤੀ ਗਈ ਸੀ, ਜੋ ਦੋਵਾਂ ਦੇਸ਼ਾਂ ਵਿਚਕਾਰ ਯਾਤਰੀਆਂ ਅਤੇ ਵਪਾਰ ਲਈ ਪ੍ਰਾਇਮਰੀ ਟ੍ਰਾਂਜਿਟ ਪੁਆਇੰਟ ਵਜੋਂ ਕੰਮ ਕਰਦੀ ਹੈ।

ਅਰੋੜਾ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਅਥਾਹ ਸ਼ਾਂਤੀ ਮਹਿਸੂਸ ਕੀਤੀ, ਜੋ ਕਿ ਸਭ ਤੋਂ ਮਹੱਤਵਪੂਰਨ ਤੀਰਥ ਸਥਾਨ ਹੈ ਅਤੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਵੀ ਅਰਦਾਸ ਕੀਤੀ।

ਇਹ ਵੀ ਪੜ੍ਹੋ-  ਮੁੱਖ ਮੰਤਰੀ ਦੀ ਚੰਨੀ ਨੂੰ ਦਿੱਤੀ ਸਮਾਂ ਸੀਮਾ ਖ਼ਤਮ, ਅੱਜ ਕਰਨਗੇ ਪ੍ਰੈੱਸ ਕਾਨਫੰਰਸ

ਇਸ ਤੋਂ ਇਲਾਵਾ, ਅਰੋੜਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵਧੀਆ ਪਲ ਸੀ, ਜਦੋਂ ਉਹ ਪਾਕਿਸਤਾਨ ਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਕੰਪਲੈਕਸ ਵਿਚ ਦਾਖ਼ਲ ਹੋਏ। ਇਤਿਹਾਸ ਵਿੱਚ ਬਹੁਤ ਮਹੱਤਵ ਰੱਖਣ ਵਾਲੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੀ ਮੇਰੀ ਲੰਬੇ ਸਮੇਂ ਤੋਂ ਇੱਛਾ ਸੀ ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸਨ। ਇਹ ਗੁਰਦੁਆਰਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 4 ਕਿਲੋਮੀਟਰ ਦੂਰ ਰਾਵੀ ਨਦੀ ਦੇ ਕੰਢੇ ਸਥਿਤ ਹੈ।

ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਕੰਪਲੈਕਸ ਵਿਖੇ ਸਮੁੱਚੀ ਮਨੁੱਖਤਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਆਮ ਵਾਂਗ, ਸ਼ਾਂਤੀ ਅਤੇ ਸਦਭਾਵਨਾ ਵਾਲੇ ਸੰਬੰਧਾਂ ਲਈ ਪ੍ਰਾਰਥਨਾ ਵੀ ਕੀਤੀ ਤੇ ਗੁਰੂਘਰ ਦਾ ਲੰਗਰ ਵੀ ਛਕਿਆ। ਅਰੋੜਾ ਦੇ ਨਾਲ ਉਨ੍ਹਾਂ ਦੀ ਪਤਨੀ ਸੰਧਿਆ ਅਰੋੜਾ, ਪਰਿਵਾਰਕ ਮੈਂਬਰ, ਉਦਯੋਗਪਤੀ ਦੋਸਤ ਕਮਲ ਓਸਵਾਲ, ਗਗਨ ਖੰਨਾ, ਦਿਨੇਸ਼ ਓਸਵਾਲ, ਸੰਜੀਵ ਗਰਗ, ਨੀਰਜ ਅਤੇ ਰਾਜੇਸ਼ ਅਗਰਵਾਲ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਰੀਬ 30 ਮੈਂਬਰ ਮੌਜੂਦ ਸਨ। ਅਭਿਲਾਸ਼ ਓਸਵਾਲ ਵੀ ਆਪਣੀਆਂ ਕੁੜੀਆਂ ਰੁਚਿਕਾ ਅਤੇ ਮੋਨਿਕਾ ਨਾਲ ਪਹੁੰਚੇ। ਉਨ੍ਹਾਂ ਨਾਲ ਕੁਦਰਤ ਕਲਾਕਾਰ ਅਤੇ ਉੱਘੇ ਲੇਖਕ ਹਰਪ੍ਰੀਤ ਸੰਧੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ-  GNDU ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਯੂਨੀਵਰਸਿਟੀ ਨੇ ਤਬਦੀਲ ਕੀਤੇ ਪ੍ਰੀਖਿਆ ਕੇਂਦਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News