ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਹੇ ਗਿਰੋਹ ਦੇ 3 ਮੈਂਬਰ ਕਾਬੂ, ਚੋਰੀ ਦੇ ਦੋ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ

08/08/2021 6:09:38 PM

ਮੋਗਾ (ਆਜ਼ਾਦ): ਮੋਗਾ ਪੁਲਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਅਤੇ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਜਦਕਿ ਉਨ੍ਹਾਂ ਦੇ ਦੋ ਸਾਥੀ ਭੱਜਣ ਵਿਚ ਸਫ਼ਲ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁੱਖ ਅਫ਼ਸਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪੁਲਸ ਪਾਰਟੀ ਸਹਿਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਪਿੰਡ ਧੱਲੇਕੇ ਦੀ ਸ਼ਮਸ਼ਾਨਘਾਟ ਵਿਚ ਕੁੱਝ ਮਾੜੇ ਅਨਸਰ ਬੈਠੇ ਹਨ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਅਤੇ ਚੋਰੀ ਦੇ ਮੋਟਰ ਸਾਈਕਲ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਸਾਰੇ ਕਾਬੂ ਆ ਸਕਦੇ ਹਨ, ਜਿਸ ’ਤੇ ਉਨ੍ਹਾਂ ਪੁਲਸ ਪਾਰਟੀ ਸਹਿਤ ਛਾਪੇਮਾਰੀ ਕਰ ਕੇ ਜਗਜੀਤ ਸਿੰਘ ਉਰਫ ਲਾਡੀ ਨਿਵਾਸੀ ਬਾਘਾਪੁਰਾਣਾ, ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਪਿੰਡ ਆਲਮਵਾਲਾ ਅਤੇ ਰਵਿੰਦਰ ਸਿੰਘ ਉਰਫ ਰਵੀ ਨਿਵਾਸੀ ਪਿੰਡ ਰੰਡਿਆਲਾ ਨੂੰ ਕਾਬੂ ਕੀਤਾ ਜਦਕਿ ਉਨ੍ਹਾਂ ਦੇ ਦੋ ਅਣਪਛਾਤੇ ਸਾਥੀ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਵਿਚ ਸਫ਼ਲ ਹੋ ਗਏ।

ਪੁਲਸ ਪਾਰਟੀ ਨੇ ਉਨ੍ਹਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ, ਇਕ ਕ੍ਰਿਪਾਨ, ਇਕ ਰਾਡ ਅਤੇ ਇਕ ਲੋਹੇ ਦਾ ਕਾਪਾ ਬਰਾਮਦ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਖਿਲਾਫ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅੱਜ ਪੁੱਛ-ਗਿੱਛ ਦੇ ਬਾਅਦ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਦੋ ਅਣਪਛਾਤੇ ਭਗੌੜੇ ਸਾਥੀਆਂ ਨੂੰ ਕਾਬੂ ਕਰ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਵੇ।
 


Shyna

Content Editor

Related News