ਬੀਮਾਰ ਬਾਪ ਨੂੰ ਛੱਡ ਘਰੋਂ ਫਰਾਰ ਹੋਈਆਂ ਮਾਂ-ਧੀ, 16 ਨੂੰ ਰੱਖਿਆ ਸੀ ਵਿਆਹ

02/18/2020 3:17:01 PM

ਜਲਾਲਾਬਾਦ (ਸੁਮਿਤ ਬਜਾਜ) - ਜ਼ਿਲਾ ਫਾਜ਼ਿਲਕਾ ਦੇ ਪਿੰਡ ਗਾਗਨਕੇ ’ਚ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਹੇ ਪਿਤਾ ਵਲੋਂ ਆਪਣੀ ਕੁੜੀ ਅਤੇ ਪਤਨੀ ਖਿਲਾਫ ਘਰੋਂ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋਣ ਦਾ ਦੋਸ਼ ਲਾਇਆ ਗਿਆ ਹੈ। ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਸਦਰ ਫਾਜ਼ਿਲਕਾ ਨੂੰ ਦਿੱਤੀ ਸ਼ਿਕਾਇਤ ’ਚ ਪੂਰਨ ਸਿੰਘ ਪੁੱਤਰ ਸੁਰੈਣ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਹੈ। ਧੀ ਦੇ ਚਾਲ-ਚਲਨ ’ਤੇ ਸ਼ੱਕ ਹੋਣ ’ਤੇ ਉਸ ਨੇ ਉਸ ਦਾ ਵਿਆਹ ਕਰਨ ਦੀ ਸੋਚ ਲਈ। ਧੀ ਦੇ ਹਾਂ ਕਰਨ ’ਤੇ ਪੂਰਨ ਸਿੰਘ ਨੇ 16 ਫਰਵਰੀ ਨੂੰ ਵਿਆਹ ਤੈਅ ਕਰ ਦਿੱਤਾ। ਪੂਰਨ ਦਾ ਕਹਿਣਾ ਹੈ ਕਿ ਉਸ ਦੀ ਧੀ ਦੀ ਗੁਆਂਢੀ ਦੇਸ ਸਿੰਘ ਨਾਲ ਜਾਣ-ਪਛਾਣ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਦੀ ਧੀ ਅਤੇ ਪਤਨੀ ਘਰੋਂ 3 ਲੱਖ 60 ਹਜ਼ਾਰ ਰੁਪਏ ਅਤੇ 4 ਤੋਲੇ ਸੋਨਾ ਲੈ ਕੇ ਫਰਾਰ ਹੋ ਗਈਆਂ। 

ਇਸ ਦੌਰਾਨ ਉਸ ਦੀ ਧੀ ਨੇ 12 ਫਰਵਰੀ ਨੂੰ 181 ਨੰਬਰ ’ਤੇ ਸ਼ਿਕਾਇਤ ਕਰ ਦਿੱਤੀ ਕਿ ਉਸ ਦਾ ਪਿਤਾ ਜਬਰਨ ਉਸ ਦਾ ਵਿਆਹ ਕਰਵਾ ਰਿਹਾ ਹੈ। ਪੂਰਨ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ’ਚ ਦੇਸ ਸਿੰਘ ਜ਼ਿੰਮੇਵਾਰ ਹੈ ਅਤੇ 13 ਫਰਵਰੀ ਨੂੰ ਉਸ ਨੇ ਲਿਖਤੀ ਵਿਚ ਘਰੋਂ ਨਕਦੀ ਅਤੇ ਸੋਨਾ ਚੋਰੀ ਕਰਨ ਦੀ ਸ਼ਿਕਾਇਤ ਦਿੱਤੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਥਾਣਾ ਸਦਰ ਦੇ ਐੱਸ. ਐੱਚ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਪੂਰਨ ਸਿੰਘ ਦੀ ਪਤਨੀ ਦੇ ਪੇਕੇ ਪਿੰਡ ਦਾ ਸਰਪੰਚ ਉਸ ਦੀ ਪਤਨੀ ਅਤੇ ਧੀ ਨੂੰ ਲੈ ਕੇ ਥਾਣੇ ਆਇਆ ਸੀ। ਇਸ ਮਗਰੋਂ ਦਾਦਕੇ ਪਰਿਵਾਰ ਨੇ ਉਨ੍ਹਾਂ ਨੂੰ ਲਿਜਾਣ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਉਹ ਵਾਪਸ ਨਾਨਕੇ ਚਲੀਆਂ ਗਈਆਂ। 


rajwinder kaur

Content Editor

Related News