ਮੋਗਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ
Friday, May 29, 2020 - 12:31 PM (IST)
            
            ਮੋਗਾ (ਗੋਪੀ ਰਾਊਕੇ): ਬੀਤੀ ਰਾਤ ਮੋਗਾ ਦੇ ਪਿੰਡ ਡਾਲਾ ਵਿਖੇ 75 ਸਾਲਾ ਬਜ਼ੁਰਗ ਦੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬਚਿੱਤਰ ਸਿੰਘ ਪਿਛਲੇ ਡੇਢ ਸਾਲ ਤੋਂ ਸਕੂਲ 'ਚ ਚੌਕੀਦਾਰ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਬਚਿੱਤਰ ਸਿੰਘ ਸਕੂਲ 'ਚ ਆਪਣੀ ਡਿਊਟੀ ਦੇ ਰਿਹਾ ਸੀ ਕਿ ਅਚਾਨਕ ਅਣਪਛਾਤੇ ਵਿਅਕਤੀ ਸਕੂਲ 'ਚ ਦਾਖਲ ਹੋਏ, ਜਿਨ੍ਹਾਂ ਨੇ ਇਸ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਡੀ.ਐੱਸ.ਪੀ. ਧਰਮਕੋਟ ਸਰਦਾਰ ਸੁੰਬੇਗ ਸਿੰਘ, ਐੱਸ.ਪੀ. ਐੱਚ ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ.ਡੀ. ਜੰਗਜੀਤ ਸਿੰਘ ਭਾਰੀ ਫੋਰਸ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਿੰਡ ਨੰਗਲੀ (ਜਲਾਲਪੁਰ) 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 4 ਹੋਰ ਨਵੇਂ ਮਾਮਲੇ ਆਏ ਸਾਹਮਣੇ

ਇਹ ਵੀ ਪੜ੍ਹੋ: ਨਿਯਮਾਂ ਨੂੰ ਛਿੱਕੇ ਟੰਗ ਚਹੇਤੇ ਨੂੰ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਲਾਉਣ ਕਾਰਨ ਮੰਤਰੀ ਰੰਧਾਵਾ ਮੁੜ ਵਿਵਾਦਾਂ 'ਚ
ਇਸ ਮੌਕੇ ਪਿੰਡ ਵਾਸੀ ਬਲਜਿੰਦਰ ਸਿੰਘ ਬੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਗਤ ਬਜ਼ੁਰਗ ਚੌਕੀਦਾਰ ਬਚਿੱਤਰ ਸਿੰਘ ਸਾਡੇ ਪਿੰਡ ਡਾਲਾ ਦਾ ਰਹਿਣ ਵਾਲਾ ਸੀ ਜੋ ਪਿਛਲੇ ਡੇਢ ਸਾਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬਤੌਰ ਚੌਕੀਦਾਰ, ਜਿਸ ਦਾ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਪੁਲਸ ਨੂੰ ਅਪੀਲ ਕਰਦੇ ਹਾਂ ਕਿ ਇਸ ਕਤਲ ਨੂੰ ਸੁਲਝਾ ਕੇ ਉਕਤ ਬਜ਼ੁਰਗ ਦੇ ਕਾਤਲਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਪਿੰਡ 'ਚ ਅਜਿਹੀਆਂ ਕਈ ਘਟਨਾਵਾਂ ਨਾ ਵਾਪਰਨ। ਇਸ ਮੌਕੇ ਬਲਜਿੰਦਰ ਸਿੰਘ ਬੱਲੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਿੰਡ ਦੇ ਸਕੂਲਾਂ 'ਚ ਚੋਰੀਆਂ ਹੋ ਚੁੱਕੀਆਂ ਹਨ ਪਰ ਅੱਜ ਵੀ ਹੋ ਸਕਦਾ ਹੈ ਉਕਤ ਵਿਅਕਤੀ ਚੋਰੀ ਦੀ ਨੀਅਤ ਨਾਲ ਆਏ ਹੋਣ ਅਤੇ ਉਕਤ ਬਜ਼ੁਰਗ ਨੂੰ ਉਨ੍ਹਾਂ ਦੀ ਪਛਾਣ ਹੋ ਗਈ ਹੋਵੇ ਤਾਂ ਉਨ੍ਹਾਂ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।
