ਮੌੜ ਬੰਬ ਧਮਾਕਾ : ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਮਿਲਿਆ ਤਾਂ ਕਰਾਂਗੇ ਅਦਾਲਤ ਦਾ ਰੁਖ : ਸਿਮਰਨਜੀਤ ਮਾਨ

03/16/2018 5:39:42 PM

ਸੰਗਰੂਰ (ਰਾਜੇਸ਼ ਕੋਹਲੀ) — ਪਿਛਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਰੈਲੀ ਦੌਰਾਨ ਮੌੜ ਮੰਡੀ 'ਚ ਹੋਏ ਬਲਾਸਟ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚ ਕੁਝ ਬੱਚੇ ਵੀ ਸ਼ਾਮਲ ਸਨ। ਇਸ ਬੰਬ ਬਲਾਸਟ ਦੀ ਪੜਤਾਲ 'ਚ ਪੰਜਾਬ ਦੀਆਂ ਵੱਖ-ਵੱਖ ਜਾਂਚ ਏਜੰਸੀਆਂ ਜੁਟੀਆਂ ਹੋਈਆਂ ਹਨ, ਪਿਛਲੇ ਸਮੇਂ 'ਚ ਮੀਡੀਆ 'ਚ ਆਈ ਰਿਪੋਰਟ ਦੇ ਮੁਤਾਬਕ ਇਸ ਮਾਮਲੇ ਦੀ ਜਾਂਚ ਡੇਰਾ ਸਿਰਸਾ ਤਕ ਜਾ ਪਹੁੰਚੀ ਸੀ ਤੇ ਦਾਅਵਾ ਇਥੋਂ ਤਕ ਕੀਤਾ ਗਿਆ ਸੀ ਕਿ ਇਸ ਮਾਮਲੇ 'ਚ ਡੇਰਾ ਸਿਰਸਾ ਦਾ ਸਿੱਧਾ ਹੱਥ ਹੈ ਪਰ ਇਸ ਤੋਂ ਬਾਅਦ ਨਾ ਤਾਂ ਪੰਜਾਬ ਪੁਲਸ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ, ਜਿਸ ਦੇ ਰੋਸ ਵਜੋਂ ਅੱਜ ਬੰਬ ਬਲਾਸਟ 'ਚ ਮਰਨ ਵਾਲੇ ਬੱਚਿਆਂ ਦੇ ਪਰਿਵਾਰ ਸੰਗਰੂਰ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਨਾਲ ਮੀਡੀਆ ਦੇ ਸਾਹਮਣੇ ਪੇਸ਼ ਹੋਏ ਤੇ ਉਨ੍ਹਾਂ ਨੇ ਸਰਕਾਰ 'ਤੇ ਜਾਂਚ ਰੋਕਣ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦਾ ਦੋਸ਼ ਲਗਾਇਆ।
ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਬੰਬ ਬਲਾਸਟ ਦੇ ਸਮੇਂ ਅਕਾਲੀਆਂ ਨੂੰ ਡੇਰਾ ਸਿਰਸਾ ਤੋਂ ਵੋਟ ਮਿਲਣ ਦੀ ਉਮੀਦ ਸੀ। ਇਸ ਲਈ ਉਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਹੁਣ ਜਦ ਸੱਚ ਜਾਹਿਰ ਹੋ ਚੁੱਕਾ ਹੈ ਕਿ ਬਲਾਸਟ 'ਚ ਇਸਤੇਮਾਲ ਕੀਤੀ ਗਈ ਕਾਰ ਨੂੰ ਡੇਰਾ ਸਿਰਸਾ 'ਚ ਤਿਆਰ ਕੀਤਾ ਗਿਆ ਸੀ ਤੇ ਇਸ 'ਚ ਡੇਰਾ ਮੁਖੀ ਤੇ ਉਸ ਦੇ ਰਿਸ਼ਤੇਦਾਰਾਂ ਦਾ ਹੱਥ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਮੁੱਖੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਡੇਰਾ ਸਿਰਸਾ ਰਾਜਸਥਾਨ, ਹਰਿਆਣਾ, ਦਿੱਲੀ, ਪੰਜਾਬ ਤੇ ਹਿਮਾਚਲ 'ਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੋਟ ਦੇਣਗੇ। 
ਉਧਰ ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਪੁਲਸ ਨੇ ਇਕ ਤਰ੍ਹਾਂ ਜਾਂਚ ਬਿਲਕੁਲ ਠੱਪ ਕਰ ਰੱਖੀ ਹੈ ਤੇ ਉਹ ਪਿਛਲੇ ਇਕ ਸਾਲ ਤੋਂ ਇਨਸਾਫ ਲਈ ਭਟਕ ਰਹੇ ਹਨ। ਨਾ ਤਾਂ ਪ੍ਰਸ਼ਾਸਨ ਉਨ੍ਹਾਂ ਦੀ ਸੁਣ ਰਿਹਾ ਹੈ ਤੇ ਨਾ ਹੀ ਕਾਂਗਰਸੀ ਵਿਧਾਇਕ ਜਿਸ ਦੀ ਰੈਲੀ 'ਚ ਬਲਾਸਟ ਹੋਇਆ ਸੀ, ਉਸ ਨੇ ਕਦੇ ਉਨ੍ਹਾਂ ਦੀ ਪੁੱਛ-ਪੜਤਾਲ ਕੀਤੀ ਹੈ। ਅਜਿਹੇ 'ਚ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਕੋਰਟ ਦਾ ਰੁਖ ਕਰਨਗੇ। 


Related News