ਮਨਿਸਟੀਰੀਅਲ ਕਾਮਿਆਂ ਦੀ ''ਕਲਮ-ਛੋੜ'' ਹੜਤਾਲ ਜਾਰੀ

02/16/2019 2:20:55 PM

ਪਟਿਆਲਾ/ਰੱਖੜਾ (ਰਾਣਾ)—ਸੂਬੇ ਭਰ ਵਿਚ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਵਿਭਾਗਾਂ ਦੇ ਸਮੁੱਚੇ ਮਨਿਸਟੀਰੀਅਲ ਕਾਮਿਆਂ ਦੇ 'ਕਲਮ-ਛੋੜ' ਹੜਤਾਲ 'ਤੇ ਚਲੇ ਜਾਣ ਕਾਰਨ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਕੰਮ-ਕਾਜ ਤੋਂ ਸੱਖਣੇ ਪਏ ਹਨ। ਇਸ ਕਰ ਕੇ ਦੂਰ-ਦੁਰਾਡਿਓਂ ਕੰਮ-ਕਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਵੱਖ-ਵੱਖ ਵਿਭਾਗਾਂ ਵਿਚ ਕਾਮਿਆਂ ਨੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਕੇ ਆਪਣੀ ਭੜਾਸ ਕੱਢੀ। 

ਤੀਜੇ ਦਿਨ ਵੀ ਮਿੰਨੀ ਸਕੱਤਰੇਤ ਪਟਿਆਲਾ ਦੇ ਵਿਭਾਗਾਂ ਦੇ ਦਫ਼ਤਰਾਂ ਅੰਦਰ ਸੰਨਾਟਾ ਛਾਇਆ ਰਿਹਾ। ਯੂਨੀਅਨ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਕੋਈ ਕਲਰਕ ਦਫ਼ਤਰ ਕੰਮ ਕਰਦਾ ਹੈ ਤਾਂ ਉਸ ਖਿਲਾਫ਼ ਯੂਨੀਅਨ ਦੇ ਮਾਪਦੰਡਾਂ ਅਨੁਸਾਰ ਜੁਰਮਾਨਾ ਲਾਇਆ ਜਾਵੇਗਾ।

ਤੀਜੇ ਦਿਨ ਦੀ 'ਕਲਮ-ਛੋੜ' ਹੜਤਾਲ ਦੀ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਅਮਰ ਬਹਾਦਰ ਸਿੰਘ, ਕੁਲਵੰਤ ਸਿੰਘ ਸੈਣੀ, ਬਚਿੱਤਰ ਸਿੰਘ, ਪਵਨ ਸ਼ਰਮਾ, ਜਸਵੀਰ ਸਿੰਘ ਵੇਰਕਾ, ਖੁਸ਼ਵਿੰਦਰ ਕੁਮਾਰ ਕਪਲਾ, ਜਸਵਿੰਦਰ ਸਿੰਘ, ਤੇਜਿੰਦਰ ਸਿੰਘ, ਪਰਮਜੀਤ ਸਿੰਘ, ਕੇਸਰ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ, ਟੋਨੀ, ਮੋਹਨ ਸਿੰਘ, ਮਸ਼ਹੂਰ ਅਲੀ, ਮਨੂੰ ਮਲਹੋਤਰਾ, ਗਗਨਦੀਪ ਸਿੰਘ, ਤਰਲੋਕ ਸਿੰਘ, ਅਮਰਿੰਦਰ ਸਿੰਘ, ਰਤਨ ਕੁਮਾਰ ਮੱਟੂ ਆਦਿ ਆਗੂਆ ਨੇ ਕਿਹਾ ਕਿ 16 ਫਰਵਰੀ ਨੂੰ ਯੂਨੀਅਨ ਦੀ ਅਹਿਮ ਮੀਟਿੰਗ ਵਿਚ ਅਗਲੇ ਪ੍ਰੋਗਰਾਮ ਸਬੰਧੀ ਫੈਸਲਾ ਲਿਆ ਜਾਵੇਗਾ ਤਾਂ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। 

ਰਾਜਿੰਦਰਾ ਹਸਪਤਾਲ ਦੇ ਬਾਹਰ ਵੀ  ਕੀਤਾ ਪ੍ਰਦਰਸ਼ਨ
ਪਟਿਆਲਾ, (ਰਾਣਾ)-ਪੰਜਾਬ ਸਟੇਟ ਮਨਿਸਟੀਰੀਅਲ ਸੁਬਾਰਡੀਨੇਟ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਤੀਜੇ ਦਿਨ ਕਲੈਰੀਕਲ ਐਸੋਸੀਏਸ਼ਨ ਸਿਹਤ ਵਿਭਾਗ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ 'ਕਲਮ-ਛੋੜ' ਹੜਤਾਲ ਕੀਤੀ ਗਈ। ਇਸ ਵਿਚ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਡੈਂਟਲ ਕਾਲਜ, ਨਰਸਿੰਗ ਕਾਲਜ, ਟੀ. ਬੀ. ਹਸਪਤਾਲ, ਸਿਵਲ ਸਰਜਨ ਤੇ ਮਾਤਾ ਕੌਸ਼ੱਲਿਆ ਦੇ ਸਮੂਹ ਕਲੈਰੀਕਲ ਸਟਾਫ ਨੇ ਹਿੱਸਾ ਲੈ ਕੇ ਸਮੁੱਚੇ ਵਿਭਾਗਾਂ ਵਿਚ ਪੂਰਨ ਤੌਰ 'ਤੇ ਕੰਮ ਠੱਪ ਰੱਖਿਆ।ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਬਿਲਕੁੱਲ ਅਣਡਿੱਠ ਕੀਤਾ ਜਾ ਰਿਹਾ ਹੈ। ਇਸ ਕਾਰਨ ਹੀ ਸਮੁੱਚੇ ਪੰਜਾਬ ਵਿਚ ਸਾਰੇ ਪ੍ਰਬੰਧਕੀ ਤੇ ਕਲੈਰੀਕਲ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਹੈ। ਇਸ ਦੀ  ਐਸੋਸੀਏਸ਼ਨ ਪੁਰਜ਼ੋਰ ਹਮਾਇਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਜਲਦ ਤੋਂ ਜਲਦ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਮੁੜ ਤੋਂ ਬਹਾਲੀ ਕਰਨੀ, ਕੱਢੇ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਨਾ ਤੇ ਮੁਲਾਜ਼ਮਾਂ 'ਤੇ ਲਾਇਆ ਗਿਆ 200  ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕਰਨਾ ਆਦਿ ਮੁੱਖ ਮੰਗਾਂ ਸ਼ਾਮਲ ਹਨ। ਇਸ ਰੋਸ ਧਰਨੇ ਵਿਚ ਐਸੋਸੀਏਸ਼ਨ ਦੇ ਵੱਖ-ਵੱਖ ਆਗੂ ਵੀ ਹਾਜ਼ਰ ਸਨ। 

ਇਹ ਹਨ ਮੁੱਖ ਮੰਗਾਂ    
ਪੰਜਾਬ ਸਰਕਾਰ  ਵੱਲੋਂ 6 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਪੂਰੀ ਕਿਸ਼ਤ ਜਾਰੀ ਕਰਨਾ।
ਤਨਖਾਹਾਂ ਵਿਚ  ਵਿਕਾਸ ਟੈਕਸ ਦੀ ਕਟੌਤੀ ਬੰਦ ਕਰਨਾ।
ਖਾਲੀ ਅਸਾਮੀਆਂ ਪੂਰੀਆਂ ਕਰਨਾ।
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ।
23 ਮਹੀਨਿਆਂ ਤੋਂ ਬਕਾਇਆ ਡੀ. ਏ. ਦੀ ਕਿਸ਼ਤ ਜਾਰੀ ਕਰਨਾ।
ਪੇ-ਕਮਿਸ਼ਨ ਲਾਗੂ ਨਾ ਕਰਨਾ ।


Shyna

Content Editor

Related News