19 ਤੋਂ 30 ਅਕਤੂਬਰ ਤਕ ਦੁੱਧ ਉਤਪਾਦਕਾਂ ਨੂੰ ਘਰ ਬੈਠੇ ਮਿਲੇਗੀ ਆਨਲਾਈਨ ਸਿਖਲਾਈ

10/10/2020 6:37:53 PM

ਐਸ.ਏ.ਐਸ ਨਗਰ: ਕੋਵਿਡ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਨੇ ਲੋਕ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਵਿਭਾਗ ਵਿਚ ਆਨਲਾਈਨ ਵਿਧੀ ਲਾਗੂ ਕੀਤੀ ਹੈ। ਇਸ ਦੇ ਚਲਦਿਆਂ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਡੇਅਰੀ ਫਾਰਮਰਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਆਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਦੀ ਅਰਥ ਵਿਵਸਥਾ 'ਤੇ ਮਾੜਾ ਅਸਰ ਪਿਆ ਹੈ, ਉੱਥੇ ਹੀ ਸਰਕਾਰੀ ਗਤੀਵਿਧੀਆਂ 'ਚ ਵੀ ਖੜੌਤ ਆਈ ਹੈ। ਜਿਸ ਦਾ ਅਸਰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਉੱਤੇ ਵੀ ਪਿਆ ਹੈ। ਇਸ ਖੜੌਤ ਨੂੰ ਤੋੜਨ ਲਈ ਹੁਣ ਡੇਅਰੀ ਵਿਕਾਸ ਵਿਭਾਗ ਨੇ ਆਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਸ ਤਹਿਤ 19 ਅਕਤੂਬਰ, 2020 ਤੋਂ 30 ਅਕਤੂਬਰ ਤੱਕ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰੇ ਬੈਠੇ ਹੀ ਆਨ-ਲਾਈਨ ਸਿਖਲਾਈ ਦੇਣ ਲਈ ਪ੍ਰੋਗਰਾਮ ਚਲਾਇਆ ਜਾਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਦੁੱਧ ਉਤਪਾਦਕਾਂ ਨੂੰ ਆਨਲਾਈਨ ਸਿਖਲਾਈ ਦੇਣ ਲਈ ਵਿਭਾਗ ਵਲੋਂ 15 ਪ੍ਰੋਗਰਾਮ ਚਲਾਏ ਜਾਣਗੇ, ਜਿਸ ਦੇ ਤਹਿਤ 19 ਅਕਤੂਬਰ ਤੋਂ ਸ਼ੂਰੂ ਹੋ ਰਹੇ ਇਸ ਦੋ ਹਫਤੇ ਦੇ ਆਨਲਾਈਨ ਪ੍ਰੋਗਰਾਮ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾਓ, ਖਾਦ ਖੁਰਾਕ, ਨਸਲ ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇੰਨਾਂ ਸਿਖਲਾਈ ਪ੍ਰੋਗਰਾਮ ਵਿੱਚ ਵਿਭਾਗ ਵਲੋਂ ਪਸ਼ੂ ਖਰੀਦਣ ਲਈ ਕਰਜੇ ਦੀ ਸਹੂਲਤ, ਪਸ਼ੂਆਂ ਦੇ ਸੁਚੱਜੇ ਸੈਡ, ਸਿੰਗਲ ਰੋਅ ਫੌਡਰ ਹਾਰਵੈਸਟਰ, ਸੈਲਫ ਪ੍ਰੋਪੈਲਡ ਫੌਰੇਜ਼ ਕਟਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੁਨਿਟ, ਆਟੋਮੈਟਿਕ ਸਾਈਲੇਜ਼ ਬੇਲਰ ਕਮ ਰੈਪਰ ਮਸ਼ੀਨ ਦੀ ਖਰੀਦ ਤੇ ਸਬਸਿਡੀ ਦੀ ਸਹੂਲਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਸਿਖਲਾਈ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਕੇ ਸਿਖਲਾਈ ਲੈਣ ਲਈ ਉਹ ਚਤਾਮਲੀ ਦੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਜਾ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰਨ। ਡਿਪਟੀ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜੱਸੋਵਾਲ ਨੇ ਦੱਸਿਆ ਕਿ ਇਸ ਆਨਲਾਈਨ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ 50 ਸਾਲ ਦੇ ਦਰਮਿਆਨ ਹੋਵੇ, ਘੱਟੋ-ਘੱਟ ਪੰਜਵੀ ਪਾਸ ਹੋਵੇ। ਉਨ੍ਹਾਂ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਇਸ ਡੇਅਰੀ ਸਿਖਲਾਈ ਨੂੰ ਪ੍ਰਾਪਤ ਕਰਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ 'ਤੇ ਲੈ ਕੇ ਜਾਣਾ ਚਾਹੀਦਾ ਹੈ। ਅੱਜ ਦੇ ਸਮੇ ਦੌਰਾਨ ਖੇਤੀ ਬਾੜੀ ਦੇ ਫਸਲੀ ਚੱਕਰ ਦੇ ਬਦਲਾਅ ਲਈ ਡੇਅਰੀ ਦਾ ਧੰਦਾ ਅਪਣਾਉਣਾ ਚਾਹੀਦਾ ਹੈ। ਚਾਹਵਾਨ ਕਿਸਾਨ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮਾਰਫਤ ਜਿਲਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਦੇ ਕਮਰਾ ਨੰਬਰ 434, ਤੀਜੀ ਮੰਜ਼ਿਲ 'ਤੇ ਬਿਨੈ ਪੱਤਰ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰ:0172-2219276 'ਤੇ ਸੰਪਰਕ ਸੰਪਰਕ ਕੀਤਾ ਜਾ ਸਕਦਾ ਹੈ।


Deepak Kumar

Content Editor

Related News