ਮਾਤਾ ਨੈਣਾ ਦੇਵੀ ਮੰਦਰ ਦਾ ਭਖਿਆ ਵਿਵਾਦ, ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਚੱਲਿਆ ਪੁਲਸ ਦਾ ਡੰਡਾ (ਵੀਡੀਓ)
Wednesday, Jan 22, 2020 - 11:30 AM (IST)
ਰਾਜਪੁਰਾ (ਡੀ.ਐੱਸ.ਕੱਕੜ): ਦਿੱਲੀ ਅੰਬਾਲਾ ਹਾਈ-ਵੇਅ ਜਾਮ ਕਰਨਾ ਹਿੰਦੂ ਸੰਗਠਨਾਂ ਨੂੰ ਭਾਰੀ ਪੈ ਗਿਆ। ਜਾਣਕਾਰੀ ਮੁਤਾਬਕ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਜਾਮ ਹਟਾਉਣ ਦੀ ਗੱਲ ਆਖੀ ਪਰ ਜਦੋਂ ਪ੍ਰਦਰਸ਼ਨਕਾਰੀ ਟੱਸ ਤੋਂ ਮੱਸ ਨਾ ਹੋਏ ਤਾਂ ਉਨ੍ਹਾਂ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ। ਦਰਅਸਲ ਪਿੰਡ ਸ਼ਾਮਦੂ ਦੇ ਕੁਝ ਲੋਕਾਂ ਤੇ ਹਿੰਦੂ ਸੰਗਠਨਾਂ ਵਲੋਂ ਮਿਲ ਕੇ ਰਾਜਪੁਰਾ 'ਚ ਸਥਿਤ ਮਾਤਾ ਨੈਣਾ ਮੰਦਰ ਦੀ ਜ਼ਮੀਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਦੌਰਾਨ ਰੋਡ ਜਾਮ ਹੋਣ ਕਾਰਨ ਹਾਈ-ਵੇਅ 'ਤੇ ਲੰਬੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਪਹੁੰਚੇ ਰਾਜਪੁਰਾ ਦੇ ਐੱਸ.ਡੀ.ਐੱਮ. ਸ਼ਿਵ ਕੁਮਾਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਣਾਅਪੂਰਣ ਸਥਿਤੀ 'ਤੇ ਕਾਬੂ ਪਾਉਣ ਲਈ ਪੁਲਸ ਨੂੰ ਬਲ ਪ੍ਰਯੋਗ ਕਰਨਾ ਪਿਆ।
ਲੋਕਾਂ ਦਾ ਕਹਿਣਾ ਹੈ ਕਿ ਇਕ ਸ਼ੈਲਰ ਮਾਲਕ ਵਲੋਂ 1984 'ਚ ਸ਼ੈਲਰ ਦੀ ਜ਼ਮੀਨ 'ਤੇ ਹੀ ਮਾਤਾ ਨੈਣਾ ਦੇਵੀ ਦੇ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਸ਼ੈਲਰ ਬੰਦ ਹੋ ਗਿਆ ਤੇ ਇਸ ਮੰਦਰ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਸੀ, ਜਿਸ ਕਾਰਨ ਮੰਦਰ 'ਚੋਂ ਮਾਤਾ ਦੀ ਮੂਰਤੀ ਹਟਾ ਕੇ ਪੀਰ ਬਾਬਾ ਦੀ ਦਰਗਾਹ ਨਜ਼ਦੀਕ ਸਥਾਪਿਤ ਕਰ ਦਿੱਤੀ ਗਈ, ਜਿਸ ਦਾ ਹਿੰਦੂ ਸੰਗਠਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।