ਹਿੰਦੁਸਤਾਨੀ ਪਾਕਿਸਤਾਨ 'ਚ ਜਾ ਕੇ ਵੀ ਅੱਤਵਾਦੀਆਂ ਨੂੰ ਖਤਮ ਕਰਨ ਦੇ ਸਮਰੱਥ : ਬੀਬਾ ਬਾਦਲ
Wednesday, Feb 27, 2019 - 01:23 PM (IST)
ਮਾਨਸਾ (ਸੰਦੀਪ ਮਿੱਤਲ)— ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ 'ਚ ਦਾਖਲ ਹੋ ਕੇ ਮਾਰੇ ਅੱਤਵਾਦੀਆਂ ਸਬੰਧੀ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਦੀ ਬਹਾਦਰ ਫੌਜ ਨੇ 44 ਸ਼ਹੀਦ ਵੀਰ ਜਵਾਨਾਂ ਦੀ ਮੌਤ ਦਾ ਬਦਲਾ ਲਿਆ ਹੈ। ਇਹ ਸਾਡੇ ਦੇਸ਼ ਲਈ ਵੱਡੀ ਜਿੱਤ ਹੈ। ਮੰਗਲਵਾਰ ਨੂੰ ਮਾਨਸਾ ਜ਼ਿਲੇ 'ਚ ਆਪਣੀ ਫੇਰੀ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਿੰਦੁਸਤਾਨ ਦੇ ਲੋਕਾਂ ਨੇ ਪੂਰੀ ਦੁਨੀਆਂ ਨੂੰ ਦੱਸ ਦਿੱਤਾ ਕਿ ਅਸੀਂ ਹਿੰਦੁਸਤਾਨੀ ਪਾਕਿਸਤਾਨ ਵਾਂਗ ਬੇਕਸੂਰੇ ਲੋਕਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਦੇ, ਸਗੋਂ ਅਸੀਂ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਨੂੰ ਉਸਦੇ ਦੇਸ਼ 'ਚ ਜਾ ਕੇ ਖਤਮ ਕਰਨ ਦੇ ਸਮਰੱਥ ਹਾਂ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਹਵਾਈ ਫੌਜ ਨੇ ਇਹ ਬਦਲਾ ਲੈ ਕੇ ਪਾਕਿਸਤਾਨ ਨੂੰ ਅੱਤਵਾਦ ਨੂੰ ਪਨਾਹ ਦੇਣ ਵਾਲਾ ਸਾਬਤ ਕਰ ਕੇ ਉਸ ਨੂੰ ਪੂਰੇ ਵਿਸ਼ਵ ਦੇ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ।
ਕਾਂਗਰਸੀ ਮੰਤਰੀ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਉਹ ਲੋਕ ਜਿਹੜੇ ਦੁਸ਼ਮਣਾਂ ਨਾਲ ਜੱਫੀਆਂ ਪਾਉਂਦੇ ਹਨ ਅਤੇ ਕਹਿੰਦੇ ਸਨ ਕਿ ਅਜਿਹੀਆਂ ਕਾਰਵਾਈਆਂ ਕੁਝ ਅੱਤਵਾਦੀ ਕਰ ਰਹੇ ਹਨ, ਅੱਜ ਉਨ੍ਹਾਂ ਦਾ ਦੇਸ਼ ਦੇ ਲੋਕਾਂ ਅੱਗੇ ਝੂਠ ਬੇਨਕਾਬ ਹੋ ਰਿਹਾ ਹੈ। ਕੈਪਟਨ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਨਿਕੰਮੀ ਸਰਕਾਰ 2 ਸਾਲਾਂ ਤੋਂ ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਕੇਂਦਰ ਸਰਕਾਰ ਅਤੇ ਅਕਾਲੀ-ਭਾਜਪਾ ਸਰਕਾਰ ਵੇਲੇ ਦੀਆਂ ਜਾਰੀ ਗ੍ਰਾਂਟਾਂ ਨਾਲ ਸੂਬੇ ਅੰਦਰ ਵਿਕਾਸ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਹੋਰ ਗ੍ਰਾਂਟਾਂ ਦੀ ਲੋੜ ਹੋਵੇ ਤਾਂ ਅਸੀਂ ਦੇਣ ਲਈ ਤਿਆਰ ਬੈਠੇ ਹਾਂ।
ਇਸ ਮੌਕੇ ਜਗਦੀਪ ਸਿੰਘ ਨਕੱਈ, ਗੁਰਮੇਲ ਸਿੰਘ ਫਫੜੇ, ਪ੍ਰੇਮ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਸੁਖਮਨਦੀਪ ਸਿੰਘ ਖਾਨਾ, ਪੀ. ਏ. ਅਨਮੋਪ੍ਰੀਤ ਸਿੰਘ, ਮਨਜਿੰਦਰ ਸਿੰਘ ਮਨੀ ਗੁੜਥੜੀ, ਹਰਵਿੰਦਰ ਸਿੰਘ ਧਲੇਵਾਂ, ਲਖਵੀਰ ਸਿੰਘ ਕੋਟੜਾ, ਜੁਗਰਾਜ ਸਿੰਘ ਰਾਜੂ ਦਰਾਕਾ, ਗੁਰਪ੍ਰੀਤ ਸਿੰਘ ਝੱਬਰ, ਬਿੱਕਰ ਸਿੰਘ ਮੰਘਾਣੀਆਂ, ਆਤਮਜੀਤ ਸਿੰਘ ਕਾਲਾ, ਬਲਜੀਤ ਸਿੰਘ ਸੇਠੀ, ਜਗਪ੍ਰੀਤ ਸਿੰਘ ਜੱਗ, ਤਰਸੇਮ ਮਿੱਢਾ, ਸੁਰਿੰਦਰ ਪਿੰਟਾ, ਹਰਭਜਨ ਖਿਆਲਾ, ਰਘੁਵੀਰ ਮਾਨਸਾ, ਮੁਨੀਸ਼ ਬੱਬੀ ਆਦਿ ਹਾਜ਼ਰ ਸਨ।