ਮਾਨਸਾ : ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਆਏ ਅਧਿਕਾਰੀਆਂ ਦਾ ਕਿਸਾਨਾਂ ਨੇ ਕੀਤਾ ਵਿਰੋਧ

05/10/2022 1:54:58 PM

ਮਾਨਸਾ (ਚਾਹਲ) :  ਪੰਚਾਇਤੀ ਵਿਭਾਗ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਲਗਾਤਾਰ ਮੁਹਿੰਮ ਜਾਰੀ ਹੈ। ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੇਵਾਲਾ ਦੇ ਵਿੱਚ ਇੱਕ ਕਿਸਾਨ ਵੱਲੋਂ 15 ਮਰਲੇ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦੇ ਲਈ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਕਾਰਨ ਵਿਭਾਗ ਦਾ ਕੋਈ ਵੀ ਅਧਿਕਾਰੀ ਕਬਜ਼ਾ ਛੁਡਵਾਉਣ ਨਹੀਂ ਪਹੁੰਚਿਆ। 

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਪੰਚਾਇਤੀ ਜ਼ਮੀਨ ’ਤੇ ਮਕਾਨ ਬਣਾ ਕੇ ਬੈਠੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਸੌ ਸਾਲ ਪਹਿਲਾਂ ਘਰ ਬਣਾਇਆ ਗਿਆ ਸੀ ਜਿਸ ਦੌਰਾਨ 15 ਮਰਲੇ ਪੰਚਾਇਤੀ ਜ਼ਮੀਨ ਉਨ੍ਹਾਂ ਦੇ ਘਰ ਵਿਚ ਆ ਗਈ ਸੀ ਪਰ ਹੁਣ ਵਿਭਾਗ ਵੱਲੋਂ ਇਹ ਜ਼ਮੀਨ ਛੁਡਵਾਉਣ ਦੇ ਲਈ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਪੰਦਰਾਂ ਮਰਲੇ ਜ਼ਮੀਨ ਦੇ ਬਦਲੇ ਸਰਕਾਰ ਨੂੰ ਪੈਸਾ ਭਰਨ ਦੇ ਲਈ ਵੀ ਤਿਆਰ ਹੈ ਅਤੇ ਉਸ ਦੀ ਪੰਚਾਇਤੀ ਜ਼ਮੀਨ ਦੇ ਨਾਲ ਆਪਣੀ ਨਿੱਜੀ ਜ਼ਮੀਨ ਵੀ ਲੱਗਦੀ ਹੈ ਅਤੇ ਉਸ ਜ਼ਮੀਨ ਦੇ ਵਿਚੋਂ ਵੀ ਜ਼ਮੀਨ ਦੇਣ ਦੇ ਲਈ ਤਿਆਰ ਹੈ ਪਰ ਵਿਭਾਗ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹ ਕੇ ਨਾਜਾਇਜ਼ ਕਬਜ਼ਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਤੋਂ ਪੈਸੇ ਭਰਵਾਏ ਜਾਣ ਜਾਂ ਉਸਦੀ ਜ਼ਮੀਨ ਵਿਚੋਂ 15 ਮਰਲੇ ਲਏ ਜਾਣ ਪਰ ਉਸ ਦਾ ਘਰ ਨਾ ਉਜਾੜਿਆ ਜਾਵੇ ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

ਕਬਜ਼ਾ ਛੁਡਵਾਉਣ ਦੇ ਲਈ ਆ ਰਹੇ ਅਧਿਕਾਰੀਆਂ ਦਾ ਵਿਰੋਧ ਕਰਨ ਲਈ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਯੂਨੀਅਨ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ ਅਤੇ ਭਾਨ ਸਿੰਘ ਬਰਨਾਲਾ ਨੇ ਕਿਹਾ ਕਿ ਕਿਸਾਨ ਦੇ ਬਜ਼ੁਰਗਾਂ ਵੱਲੋਂ 100 ਸਾਲ ਪਹਿਲਾਂ ਮਕਾਨ ਬਣਾਇਆ ਗਿਆ ਸੀ ਅਤੇ 15 ਮਰਲੇ ਪੰਚਾਇਤੀ ਜ਼ਮੀਨ ਆ ਗਈ ਸੀ ਪਰ ਕਿਸਾਨ ਸਰਕਾਰ ਨੂੰ ਪੈਸੇ ਭਰਨ ਦੇ ਲਈ ਵੀ ਤਿਆਰ ਹੈ ਅਤੇ 15 ਮਰਲੇ ਆਪਣੀ ਨਿੱਜੀ ਜ਼ਮੀਨ ਦੇ ਵਿਚੋਂ ਪੰਚਾਇਤੀ ਜ਼ਮੀਨ ਨੂੰ ਦੇਣ ਦੇ ਲਈ ਤਿਆਰ ਹੈ ਪਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਉਸ ਦਾ ਘਰ ਉਜਾੜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਪੱਖ ਵਿੱਚ ਹਨ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾਣ ਪਰ ਕਿਸੇ ਦਾ ਘਰ ਨਾ ਉਜਾੜਿਆ ਜਾਵੇ ਜੇਕਰ ਵਿਭਾਗ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ ਤਾਂ ਕਿਸਾਨ ਯੂਨੀਅਨ ਵੱਲੋਂ ਇਸਦਾ ਵਿਰੋਧ ਕੀਤਾ ਜਾਵੇਗਾ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News