ਮਾਨਸਾ ਜ਼ਿਲ੍ਹੇ ''ਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ 2 ਮੌਤਾਂ, 18 ਨਵੇਂ ਮਰੀਜ਼ ਆਏ ਸਾਹਮਣੇ

08/29/2020 1:53:44 AM

ਮਾਨਸਾ,(ਸੰਦੀਪ ਮਿੱਤਲ)- ਪੰਜਾਬ ਵਿਚ ਵੱਧ ਰਹੀ ਕੋਰੋਨਾ ਮਹਾਮਾਰੀ ਕਾਰਨ ਰੋਜ਼ਾਨਾ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਜਿਸ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਮਾਨਸਾ 'ਚ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਉਥੇ ਹੀ 18 ਵਿਅਕਤੀ ਹੋਰ ਕੋਰੋਨਾ ਪਾਜ਼ੇਟਿਵ ਪਾਏ ਗਏ।
ਜਾਣਕਾਰੀ ਮੁਤਾਬਕ ਕੋਰੋਨਾ ਮਹਾਂਮਾਰੀ ਨਾਲ ਮਾਨਸਾ ਸ਼ਹਿਰ ਦੇ ਇਕ ਵਿਅਕਤੀ ਦੀ ਮੌਤ ਹੋਣ 'ਤੇ ਪਰਿਵਾਰਕ ਮੈਂਬਰਾਂ ਅਤੇ ਸਿਹਤ ਵਿਭਾਗ ਦੀ ਟੀਮ ਨੇ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ 'ਚ ਉਸ ਦੀ ਮ੍ਰਿਤਕ ਦੇਹ ਦਾ ਰਾਮਬਾਗ ਸਮਸ਼ਾਨ ਭੂਮੀ ਮਾਨਸਾ ਵਿਖੇ ਸੰਪੂਰਨ ਰਸਮਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ। ਇਸ ਮੌਕੇ ਡਾ. ਰਣਜੀਤ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਘਬਰਾਉਣ ਨਾ, ਬਲਕਿ ਸਾਵਧਾਨੀਆਂ ਵਰਤ ਕੇ ਕੋਰੋਨਾ ਤੋਂ ਜਿੱਤ ਪ੍ਰਾਪਤ ਕਰਨ।
ਮਾਨਸਾ ਜ਼ਿਲੇ ਦੇ ਤਾਜ਼ਾ ਅੰਕੜੇ
ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਅਤੇ ਕੋਰੋਨਾ ਸੈਂਪਲਿੰਗ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਅੱਜ ਮਾਨਸਾ ਜ਼ਿਲੇ 'ਚ 18 ਮਰੀਜ ਕੋਰੋਨਾ ਪਾਜ਼ੇਟਿਵ ਪਾਏ ਗਏ ਜਿਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਕਰੀਬ 24375 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚ 514 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਵਿਚੋਂ 297 ਮਰੀਜ਼ ਠੀਕ ਹੋਣ ਤੇ ਛੁੱਟੀ ਦੇ ਦਿੱਤੀ ਗਈ ਹੈ ਅਤੇ 12 ਮਰੀਜਾਂ ਦੀ ਮੌਤ ਹੋਣ ਉਪਰੰਤ ਹੁਣ ਕੁੱਲ 205 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਹੈਲਥ ਬਲਾਕ ਮਾਨਸਾ 'ਚ ਅੱਜ ਤੱਕ ਕੁੱਲ 164 ਮਰੀਜ ਕੋਰੋਨਾ ਪਾਜ਼ੇਟਿਵ ਹਨ। ਜਦੋਂ ਕਿ ਬਲਾਕ ਬੁਢਲਾਡਾ 'ਚ 182, ਖਿਆਲਾ ਕਲਾਂ 'ਚ 91, ਸਰਦੂਲਗੜ੍ਹ 'ਚ 77 ਕੇਸ ਕੋਰੋਨਾ ਪਾਜ਼ੇਟਿਵ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।


 


Deepak Kumar

Content Editor

Related News